ਬਲਜੀਤ ਮਰਵਾਹਾ
ਚੰਡੀਗੜ੍ਹ, 29 ਸਤੰਬਰ 2022 – ਜਦੋਂ ਤੋਂ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਭਾਜਪਾ ਵਿੱਚ ਗਏ ਹਨ ਉਦੋਂ ਤੋਂ ਹੀ ਉਹਨਾਂ ਦੇ ਭਰਾ ਅਤੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀਆਂ ਮੁਸ਼ਕਲਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀਆਂ ਹਨ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਇਹ ਮੁਸ਼ਕਲਾਂ ਸ਼ੁਰੂ ਹੋਈਆ। ਇਹ ਇੱਤੇਫਾਕ ਹੈ ਕਿ ਜਦੋਂ ਬਲਬੀਰ ਸਿੱਧੂ ਵਜ਼ਾਰਤ ਵਿੱਚ ਸਨ ਤਾਂ ਕਦੇ ਵੀ ਨਗਰ ਨਿਗਮ ਤੇ ਕਾਬਜ਼ ਨਹੀਂ ਹੋ ਪਾਏ ਤੇ ਜਦੋਂ ਹੁਣ ਵਿਧਾਇਕ ਵੀ ਨਹੀਂ ਹਨ ਤਾਂ ਉਹਨਾਂ ਦਾ ਧੜਾ ਨਗਰ ਨਿਗਮ ਤੇ ਕਾਬਜ਼ ਹੈ , ਹਾਲਾਕਿ ਮੰਤਰੀ ਰਹਿੰਦਿਆਂ ਹੀ ਉਹ ਨਗਰ ਨਿਗਮ ਤੇ ਢਾਈ ਦਹਾਕਿਆਂ ਵਿੱਚ ਪਹਿਲੀ ਵਾਰ ਕਾਬਜ਼ ਹੋ ਪਾਏ ਸਨ।
ਮੋਹਾਲੀ ਤੋਂ ਹੁਣ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਨਾਲ ਉਨ੍ਹਾਂ ਦਾ 36 ਦਾ ਅੰਕੜਾ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ। ਨਗਰ ਨਿਗਮ ਤੇ ਰਾਜ ਕਰਨ ਵਾਲੇ ਕੁਲਵੰਤ ਸਿੰਘ ਦਾ ਧੜਾ ਹੁਣ ਕਾਬਜ਼ ਨਹੀਂ ਹੈ। ਇਹੀ ਕਾਰਨ ਹੈ ਕਿ ਜਦੋਂ ਕੁਲਵੰਤ ਸਿੰਘ ਸਿਆਸੀ ਤਾਕਤ ਵਿੱਚ ਆਉਂਦੇ ਹਨ ਤਾਂ ਥੋੜ੍ਹੀ ਦੇਰ ਬਾਅਦ ਵਿਧਾਇਕ ਕੁਲਵੰਤ ਵੱਲੋਂ ਮੇਅਰ ਸਿੱਧੂ ਨੂੰ ਅਹੁਦੇ ਤੋਂ ਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਨਤੀਜਨ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਿੱਧੂ ਦੇ ਕੰਮ ਵਿੱਚ ਖਾਮੀਆਂ ਕੱਢਦੇ ਹੋਏ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਦਾ ਨੋਟਿਸ ਜਾਰੀ ਕੀਤਾ ਜਾਂਦਾ ਹੈ। ਜਿਸਦੇ ਖ਼ਿਲਾਫ਼ ਸਿੱਧੂ ਹਾਈਕੋਰਟ ਜਾਂਦੇ ਹਨ ਤੇ ਉੱਥੇ ਵੀ ਉਨ੍ਹਾਂ ਨੂੰ ਰਾਹਤ ਦੀ ਥਾਂ ਝਟਕਾ ਮਿਲਦਾ ਹੈ। ਹਾਈਕੋਰਟ ਵੱਲੋਂ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਹਾਈਕੋਰਟ ਵੱਲੋਂ ਇਹ ਹੁਕਮ ਅੱਜ 29 ਸਤੰਬਰ ਨੂੰ ਜਾਰੀ ਕੀਤੇ ਗਏ ਹਨ। ਮੇਅਰ ਦੀ ਕੁਰਸੀ ਬਚਾਉਣ ਦੇ ਚੱਕਰ ਵਿੱਚ ਹੀ ਸਿੱਧੂ ਦੀ ਸਹਿਕਾਰੀ ਬੈਂਕ ਮੋਹਾਲੀ ਦੇ ਚੇਅਰਮੈਨ ਦੀ ਸੀਟ ਵੀ ਉਨ੍ਹਾਂ ਨੂੰ ਛੱਡਣੀ ਪਈ ਸੀ।
ਸਿੱਧੂ ਦੇ ਕਾਂਗਰਸ ਵਿਚ ਰਹਿੰਦਿਆਂ ਹੀ ਮੋਹਾਲੀ ਦੇ ਕੱਟੜ ਕਾਂਗਰਸੀ ਰਿਸ਼ਵ ਜੈਨ, ਵਕੀਲ ਨਰਿੰਦਰ ਸਿੰਘ ਰੰਗੀ , ਐੱਮ ਸੀ ਜਸਪ੍ਰੀਤ ਸਿੰਘ ਗਿੱਲ ਉਦੋਂ ਦੇ ਖਿਲਾਫ਼ ਹੋ ਗਏ ਸਨ ਜਦੋਂ ਸਿੱਧੂ ਨੇ ਭਾਜਪਾ ਵਿੱਚ ਜਾਣ ਦੀ ਤਿਆਰੀ ਸ਼ੁਰੂ ਕੀਤੀ ਸੀ। ਜੈਨ ਨੂੰ ਗੁੱਸਾ ਇਸ ਗੱਲ ਦਾ ਵੀ ਹੈ ਕਿ ਸੀਨੀਆਰਤਾ ਦੇ ਲਿਹਾਜ਼ ਨਾਲ ਉਨ੍ਹਾਂ ਨੇ ਮੇਅਰ ਬਣਨਾ ਸੀ ਪਰ ਸਿੱਧੂ ਨੇ ਉਨ੍ਹਾਂ ਦਾ ਪੱਤਾ ਕੱਟ ਦਿੱਤਾ ਸੀ। ਹੁਣ 50 ਮਿਊਂਸਪਲ ਕੌਸਲਰਾਂ ਵਿੱਚੋਂ ਇੱਕਾ-ਦੁੱਕਾ ਨੂੰ ਛੱਡ ਕੇ ਸਾਰੇ ਹੀ ਸਿੱਧੂ ਨੂੰ ਮੇਅਰ ਦੀ ਕੁਰਸੀ ਤੋਂ ਹਟਾਉਣ ਲਈ ਪੱਬਾਂ ਭਾਰ ਹੋਏ ਪਏ ਹਨ। ਜੇਕਰ ਸਿੱਧੂ ਦੀ ਕੁਰਸੀ ਜਾਂਦੀ ਹੈ ਤਾਂ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਪੱਲੇ ਵੀ ਕੱਖ ਨਹੀਂ ਰਹੇਗਾ। ਹੁਣ ਵੇਖਣਾ ਇਹ ਹੈ ਕਿ ਇਹ ਤਿੱਕੜੀ ਆਪਣੀ ਕੁਰਸੀਆਂ ਬਚਾ ਪਾਉਂਦੀ ਹੈ ਜਾਂ ਨਹੀਂ। ਇਸ ਦਾ ਬੜੀ ਛੇਤੀ ਪਤਾ ਲੱਗ ਜਾਏਗਾ।












