ਚੰਡੀਗੜ੍ਹ : – ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ 5 ਮਈ ਦੇ ਬਕਾਇਆ ਨੋਟਿਸ ਸਬੰਧੀ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਇਹ ਪੱਤਰ ਆਪਣੇ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਤਾਲਮੇਲ ਕਰਨ ਲਈ ਰੱਖੀ ਮੀਟਿੰਗ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਜਾਣਬੁੱਝ ਕੇ ਗ਼ੈਰਹਾਜ਼ਰੀ ਖ਼ਿਲਾਫ਼ ਲਿਖਿਆ ਹੈ।
ਇਸ ਪੱਤਰ ਰਾਹੀਂ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਮੇਰੇ ਹਲਕੇ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਤਾਲਮੇਲ ਕਮੇਟੀ ਦੀ 28 ਅਪ੍ਰੈਲ 2022 ਨੂੰ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਜਾਣ ਬੁੱਝ ਕੇ ਗ਼ੈਰ ਹਾਜ਼ਰੀ ਦੇ ਵਿਰੁੱਧ ਮੇਰੇ ਵੱਲੋਂ ਦਿੱਤੇ ਗਏ ਵਿਸੇਸ਼ ਅਧਿਕਾਰ ਹਨਨ ਸਬੰਧੀ ਨੋਟਿਸ ਹਾਲੇ ਤੱਕ ਲੰਬਿਤ ਹੈ । ਇਸ ਤੋਂ ਇਲਾਵਾ ਮੈਂ 13 ਜੁਲਾਈ 2022 ਨੂੰ ਇੱਕ ਯਾਦ ਪੱਤਰ ਵੀ ਲਿਖਿਆ ਸੀ, ਜਿਸ ਦਾ ਨੰਬਰ ਹੈ LOP/PS/2022/105 ਹੈ, ਜਿਸ ਰਾਹੀਂ ਮੇਰੇ ਵੱਲੋਂ ਆਪ ਜੀ ਦੇ ਧਿਆਨ ਹਿੱਤ ਭਾਰਤ ਸਰਕਾਰ ਦੇ ਕੈਬਨਿਟ ਸਕੱਤਰ ਦੇ ਵੱਖ ਵੱਖ ਪੱਤਰਾਂ ਦੀਆਂ ਕਾਪੀਆਂ ਪ੍ਰਸ਼ਾਸਨ ਅਤੇ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਵਿਚਕਾਰ ਤਾਲਮੇਲ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨਾਲ ਨਜਿੱਠਣ ਲਈ ਉੱਚਿਤ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਹਵਾਲਾ ਦਿੰਦੇ ਹੋਏ, ਤੁਹਾਨੂੰ ਇਸ ਉਮੀਦ ਨਾਲ ਭੇਜਿਆ ਸੀ ਕਿ ਵਿਧਾਨ ਸਭਾ ਦੇ ਮੈਂਬਰਾਂ ਦੇ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਦੇ ਰਖਵਾਲੇ ਹੋਣ ਦੇ ਨਾਤੇ ਤੁਸੀਂ ਆਪਣੇ ਸੰਵਿਧਾਨਿਕ ਆਹੁਦੇ ਦੀ ਅਸਰਦਾਰ ਢੰਗ ਨਾਲ ਵਰਤੋਂ ਕਰੋਗੇ।
ਮੇਰਾ ਮੰਨਣਾ ਹੈ ਕਿ ਆਮ ਹਾਲਤਾਂ ਵਿੱਚ ਤੁਹਾਨੂੰ ਸੰਬੰਧਤ ਵਿਭਾਗ ਤੋਂ ਇਕ ਰਿਪੋਰਟ ਤਲਬ ਕਰਨੀ ਚਾਹੀਦੀ ਸੀ ਅਤੇ ਇਸ ਦੀ ਢਿੱਲ-ਮੱਠ ਜਾਂ ਅਣਗਹਿਲੀ ਤੇ ਤੁਰੰਤ ਦਖ਼ਲ ਦੇ ਕੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਫ਼ੈਸਲੇ ਲਈ ਮੁੱਦੇ ਨੂੰ ਅੱਗੇ ਭੇਜ ਦੇਣਾ ਚਾਹੀਦਾ ਸੀ, ਕਿਉਂਜੋ ਮੈਂ ਵਿਸ਼ੇਸ਼ ਅਧਿਕਾਰ ਹਨਨ ਦੇ ਨੋਟਿਸ ਸਬੰਧੀ ਕੀਤੀ ਗਈ ਕਾਰਵਾਈ ਤੋਂ ਅਣਜਾਣ ਹੋਣ ਕਰਕੇ ਕੇਵਲ ਅੰਦਾਜ਼ਾ ਹੀ ਲਗਾ ਸਕਦਾ ਹਾਂ। ਇਸ ਮੁੱਦੇ ਸਬੰਧੀ ਨਿਆਂ ਕਰਨ ਵਿੱਚ ਦੇਰੀ ਕੀਤੀ ਗਈ ਹੈ ਅਤੇ ਇਹ ਦੇਰੀ ਹਲਕੇ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਨਿਰਾਸ਼ ਕਰ ਰਹੀ ਹੈ। ਇਸ ਤਰ੍ਹਾਂ ਦਾ ਰਵੱਈਆ ਇਹ ਪ੍ਰਭਾਵ ਦਿੰਦਾ ਹੈ ਕਿ ਸੱਤਾਧਾਰੀ ਧਿਰ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੀ। ਸਰਕਾਰ ਦੇ ਪੱਖਪਾਤੀ ਰਵੱਈਏ ਕਾਰਨ ਵੋਟਰਾਂ ਦਾ ਸਰਕਾਰ ਪ੍ਰਤੀ ਭਰੋਸਾ ਟੁੱਟਦਾ ਜਾ ਰਿਹਾ ਹੈ।
ਪੰਜ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਮੈਂ ਇਹ ਦੱਸਦਿਆਂ ਨਿਰਾਸ਼ਾ ਮਹਿਸੂਸ ਕਰ ਰਿਹਾ ਹਾਂ ਕਿ ਵੱਖ ਵੱਖ ਮੌਕਿਆ ਤੇ ਤੁਹਾਡੇ ਨਾਲ ਹੋਈਆਂ ਗ਼ੈਰ ਰਸਮੀ ਮੀਟਿੰਗਾਂ ਦੌਰਾਨ ਅਣਅਧਿਕਾਰਤ ਤੌਰ ਤੇ ਕੀਤੇ ਗਏ ਜ਼ਿਕਰ ਦੇ ਬਾਵਜੂਦ ਤੁਹਾਡੇ ਦਫਤਰ ਵੱਲੋਂ ਮੇਰੇ ਪੱਤਰਾਂ ਦੀ ਕੋਈ ਉਘ-ਸੁੱਘ ਨਹੀਂ ਦਿੱਤੀ ਗਈ ਮਿਲੀ।
ਵੱਖ-ਵੱਖ ਮੌਕਿਆਂ ਅਤੇ ਵਿਸ਼ੇਸ਼ ਤੌਰ ਤੇ ਐਮ ਐਲ ਏਜ਼/ਐਮ ਪੀ ਦੇ ਨਾਲ ਸਰਕਾਰੀ ਕਾਰਜ-ਕਰਤਾਵਾਂ ਦੇ ਵਿਵਹਾਰ ਨੂੰ ਨਿਯਮਤ ਕਰਨ ਲਈ ਭਾਰਤ ਸਰਕਾਰ ਦੁਆਰਾ ਸਮੇਂ ਸਮੇਂ ਉੱਤੇ ਦੁਹਰਾਈਆਂ ਗਈਆਂ ਹਦਾਇਤਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰਾਂ ਦੀ ਆਵਾਜ਼ ਤੋਂ ਅੱਖਾਂ ਮੀਚਣ ਤੇ ਕੰਨ ਬੰਦ ਕਰਨ ਵਾਲੇ ਰੁਖ ਨਾਲ ਕਾਰਜਕਾਰਨੀ ਗ਼ਲਤ ਸੰਕੇਤ ਕਰਦੀ ਹੈ ਅਤੇ ਸੰਵਿਧਾਨ ਦੁਆਰਾ ਲੋਕਤੰਤਰਿਕ ਪ੍ਰਣਾਲੀ ਨੂੰ ਵੀ ਢਾਹ ਲਾਉਂਦੀ ਹੈ।
ਇਨ੍ਹਾਂ ਤੱਥਾਂ ਦੀ ਰੋਸ਼ਨੀ ਵਿਚ ਤੁਸੀਂ ਇਸ ਗੱਲ ਦੀ ਹਾਮੀ ਭਰੋਗੇ ਕਿ ਘੱਟੋ-ਘੱਟ ਇਕ ਮੈਂਬਰ ਲੋਕ ਮੁੱਦਿਆਂ ਉੱਤੇ ਅਤੇ ਵਿਧਾਨਕ ਅਧਿਕਾਰਾਂ ਸਬੰਧੀ ਤੁਹਾਡੀ ਮੱਦਦ ਨਾਲ ਦਲੇਰੀ ਨਾਲ ਬੋਲ ਸਕਦਾ ਹੈ। ਮੇਰੇ ਦੁਆਰਾ ਲਿਖੇ ਗਏ ਪੱਤਰ ਤੁਹਾਨੂੰ ਯਾਦ ਦਿਵਾਉਂਦੇ ਹੋਏ ਮੈਨੂੰ ਪੂਰਨ ਆਸ ਹੈ ਕਿ ਆਪ ਜੀ ਇਸ ਮਹਾਨ ਸਦਨ ਦੀਆਂ ਪ੍ਰੰਪਰਾਵਾਂ ਦੀ ਸੇਧ ਅਨੁਸਾਰ ਲੋਕਾਂ ਦੇ ਨੁਮਾਇੰਦਿਆਂ ਦੀ ਮੱਦਦ ਕਰਕੇ, ਇਸ ਸਦਨ ਦੀ ਮਹਾਨਤਾ ਨੂੰ ਬਰਕਰਾਰ ਰੱਖੋਗੇ। ਮੈਂ ਤੁਹਾਨੂੰ ਯਾਦ ਕਰਵਾਉਂਦਾ ਚਾਹੁੰਦਾ ਹਾਂ ਕਿ ਲੋਕਤੰਤਰਿਕ ਪ੍ਰੰਪਰਾਵਾਂ ਪਹਿਲਾਂ ਤੋਂ ਸਥਾਪਤ ਨਿਯਮਾਂ ਦੁਆਰਾ ਕਾਨੂੰਨੀ ਢਾਂਚੇ ਨੂੰ ਸਥਿਰ ਕਰਨ ਲਈ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਕ ਤਰ੍ਹਾਂ ਨਾਲ ਪ੍ਰੰਪਰਾਵਾਂ ਕਾਨੂੰਨ ਦੀਆਂ ਸੁੱਕੀਆਂ ਹੱਡੀਆਂ ਨੂੰ ਅਮਲੀ ਜਾਮਾ ਪਹਿਨਾਉਂਦੀਆਂ ਹਨ।
ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੀ ਪੀੜਾ ਨੂੰ ਸਹੀ ਭਾਵਨਾ ਨਾਲ ਸਮਝਦੇ ਹੋਏ ਇਸ ਮਾਮਲੇ ਵਿਚ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ, ਕਾਰਜਕਾਰਨੀ ਦੀ ਵਿਧਾਨ ਸਭਾ ਪ੍ਰਤੀ ਜਵਾਬਦੇਹੀ ਨਿਸ਼ਚਿਤ ਕਰਨ ਲਈ ਅੰਤਿਮ ਫ਼ੈਸਲਾ ਲਵੋਗੇ।
ਹਿਤੂ,
(ਪ੍ਰਤਾਪ ਸਿੰਘ ਬਾਜਵਾ)
ਸਰਦਾਰ ਕੁਲਤਾਰ ਸਿੰਘ ਸੰਧਵਾਂ,
ਮਾਨਯੋਗ ਸਪੀਕਰ,
ਪੰਜਾਬ ਵਿਧਾਨ ਸਭਾ,
ਚੰਡੀਗੜ੍ਹ।












