ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੂੰ ਹਵਾਈ ਮਹਿਲ ਨਹੀਂ ਵਿਖਾਉਣੇ ਚਾਹੀਦੇ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬੀ ਆਪਣੇ ਰਾਜ ਦੀ ਅਗਵਾਈ ਕਰਨ ਲਈ ਬਹੁਤ ਜ਼ਿਆਦਾ ਸਮਰੱਥ ਹਨ ਅਤੇ ਉਨ੍ਹਾਂ ਵਰਗੇ ਬਾਹਰੀ ਵਿਅਕਤੀ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਣਮੱਤਾ ਪੰਜਾਬੀ ਕਦੇ ਵੀ ਕੇਜਰੀਵਾਲ ਵਰਗੇ ਬਾਹਰੀ ਵਿਅਕਤੀ ਨੂੰ ਰਾਜ ਕਰਨ ਨਹੀਂ ਦੇਣਗੇ।

ਮੁੱਖ ਮੰਤਰੀ ਚੰਨੀ ਨੇ ਖੰਨਾ ਨੇੜੇ ਪਿੰਡ ਰੋਹਣੋ ਕਲਾਂ ਦੇ ਦੌਰੇ ਦੌਰਾਨ ਸਪੋਰਟਸ ਪਾਰਕ, ਪੰਚਾਇਤ ਘਰ ਅਤੇ ਪਾਰਕ-ਕਮ-ਸੱਥ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ, ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਵਡੇਰੇ ਹਿੱਤ ਵਿੱਚ ਆਮ ਆਦਮੀ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ ਜਦਕਿ ਕੇਜਰੀਵਾਲ ਵਰਗੇ ਲੋਕ ਦਿੱਲੀ ਦੇ ‘ਆਮ ਆਦਮੀ’ ਦੀ ਬਿਹਤਰੀ ਲਈ ਕੰਮ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਚੰਨ ਦਿਵਾਉਣ ਦਾ ਵਾਅਦਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਸਾਹਮਣੇ ਝੂਠ ਬੋਲਣ ਵਿੱਚ ਸਭ ਤੋਂ ਉੱਤਮ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਕੇਜਰੀਵਾਲ ਹੈ, ਜਿਸ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ “ਗਾਰੰਟੀ” ਦਿੱਤੀ ਸੀ ਕਿ ਉਹ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟ ਦੇਵੇਗਾ।
“ਅਤੇ ਜਦੋਂ ‘ਆਪ’ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਅਸਫਲ ਰਹੀ, ਉਸੇ ਕੇਜਰੀਵਾਲ ਨੇ ਅਦਾਲਤ ਵਿੱਚ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫੀ ਦੀ ਪੇਸ਼ਕਸ਼ ਕੀਤੀ, ਉਹ ਵੀ ‘ਆਪ’ ਦੇ ਲੈਟਰਹੈੱਡ ‘ਤੇ। ਜਿਹੜੇ ਪਰਿਵਾਰ ਨਸ਼ਿਆਂ ਕਾਰਨ ਆਪਣੇ ਪੁੱਤਰ ਗੁਆ ਚੁੱਕੇ ਹਨ, ਉਹ ਕੇਜਰੀਵਾਲ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਨਾ ਸਿਰਫ ਮਜੀਠੀਆ ਖਿਲਾਫ ਮੁਕੱਦਮਾ ਦਰਜ ਕੀਤਾ, ਸਗੋਂ ਉਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।












