ਅੱਜ ਦੇ ਜ਼ਮਾਨੇ ਵਿੱਚ ਨੌਜਵਾਨਾਂ ਵਿੱਚ ਜਿੰਮ ਜਾ ਕੇ ਮਾਸਪੇਸ਼ੀਆਂ ਤੇ ਸਰੀਰ ਨੂੰ ਆਕਰਸ਼ਕ ਬਣਾਉਣ ਦੀ ਸਨਕ ਪੈਦਾ ਹੋ ਰਹੀ ਹੈ। ਅੱਜਕੱਲ੍ਹ ਦੇ ਸਮੇਂ ਵਿਚ ਨੌਜਵਾਨ ਬਿਨਾਂ ਸਰੀਰਕ ਪ੍ਰੀਖਣ ਦੇ ਜਿੰਮ ਜਾ ਰਹੇ ਹਨ। ਉਨ੍ਹਾਂ ਵਿੱਚ ਪ੍ਰੋਟੀਨ ਪਾਊਡਰ ਅਤੇ ਪ੍ਰੋਟੀਨ ਸ਼ੇਕ ਲੈਣ ਦਾ ਚਲਨ ਵੀ ਲਗਾਤਾਰ ਵਧ ਰਿਹਾ ਹੈ। ਜ਼ਿਆਦਾਤਰ ਅਜਿਹੀਆਂ ਸਲਾਹਾਂ ਜਿੰਮ ਦੇ ਲੋਕ ਦਿੰਦੇ ਹਨ ਜਿਨ੍ਹਾਂ ਕੋਲ ਅਜਿਹੀ ਸਲਾਹ ਦੇਣ ਦੀ ਯੋਗਤਾ ਹੀ ਨਹੀਂ ਹੁੰਦੀ।
ਐਸੋਸੀਏਸ਼ਨ ਆਫ ਹੈਲਥ ਪ੍ਰੋਵਾਈਡਰ ਦੇ ਨਿਰਦੇਸ਼ਕ ਡਾ ਐਲੇਗਜ਼ੈਂਡਰ ਥਾਮਸ ਆਖਦੇ ਹਨ ਬਹੁਤ ਸਾਰੇ ਜਿੰਮ ਨੌਜਵਾਨਾਂ ਨੂੰ ਸਟੀਰਾਇਡ ਲੈਣ ਦੀ ਸਲਾਹ ਦਿੰਦੇ ਹਨ ਅਤੇ ਸਟੀਰਾਇਡ ਸਿਹਤ ਲਈ ਬਹੁਤੇ ਵਧੀਆ ਨਹੀਂ ਹੁੰਦੇ। ਹੋ ਸਕਦਾ ਹੈ ਕਿ ਭਾਰਤ ਵਿੱਚ ਅਜਿਹੇ ਜਿੰਮ ਸੰਖਿਆ ਵਿੱਚ ਘੱਟ ਹੋਣ ਪਰ ਇਹ ਚਿੰਤਾ ਦਾ ਵਿਸ਼ਾ ਹੈ। ਇਹ ਆਧਾਰਹੀਣ ਮਾਨਤਾ ਹੈ ਕਿ ਜੋ ਲੋਕ ਜਿੰਮ ਜਾਂਦੇ ਹਨ ਉਨ੍ਹਾਂ ਨੂੰ ਪ੍ਰੋਟੀਨ ਲੈਣਾ ਚਾਹੀਦਾ ਹੈ। ਅਜਿਹਾ ਬਿਲਕੁਲ ਠੀਕ ਨਹੀਂ ਹੈ। ਜਦੋਂ ਤਕ ਤੁਹਾਡੇ ਭੋਜਨ ਵਿੱਚ ਪ੍ਰੋਟੀਨ ਦੀ ਕਮੀ ਨਾ ਹੋਵੇ ਉਦੋਂ ਤਕ ਸਪਲੀਮੈਂਟ ਲੈਣ ਦੀ ਕੋਈ ਲੋੜ ਨਹੀਂ ਹੁੰਦੀ। ਜੋ ਲੋਕ ਖੇਡਾਂ ਦੇ ਖੇਤਰ ਨਾਲ ਜੁੜੇ ਹੁੰਦੇ ਹਨ,ਉਹ ਵੀ ਡਾਕਟਰ ਦੀ ਸਲਾਹ ਅਤੇ ਮਾਹਿਰਾਂ ਦੀ ਸਲਾਹ ਉਪਰ ਹੀ ਪ੍ਰੋਟੀਨ ਲੈਂਦੇ ਹਨ। ਡਾ ਮੰਜੂਨਾਥ ਮੁਤਾਬਕ ਜ਼ਿਆਦਾ ਤਣਾਅ ਅਤੇ ਭਾਰੀਆਂ ਕਸਰਤਾਂ ਕਰਨ ਤੋਂ ਪਹਿਲਾਂ ਆਪਣੇ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਹ ਆਖਦੇ ਹਨ,”ਲੋਕਾਂ ਨੂੰ ਫੌਰਨ ਹਾਈ ਇੰਟੈਂਸਟੀ ਵਰਕਆਊਟ ਸ਼ੁਰੂ ਨਹੀਂ ਕਰਨੇ ਚਾਹੀਦੇ। ਪਹਿਲਾਂ ਵਾਰਮਅੱਪ ਅਭਿਆਸ ਕਰਨੇ ਚਾਹੀਦੇ ਹਨ ਅਤੇ ਜੇਕਰ ਤੁਸੀਂ ਭਾਰੀਆਂ ਕਸਰਤਾਂ ਕਰਦੀ ਵੀ ਹੋ ਤਾਂ ਇਹ ਰੋਜ਼ਾਨਾ ਨਹੀਂ ਕਰਨੀਆਂ ਚਾਹੀਦੀਆਂ। ਇਹ ਦਿਲ ਦੇ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ੁਰੂਆਤ ਹੋ ਸਕਦੀ ਹੈ। ਫਿਜ਼ਿਓਥੈਰੇਪਿਸਟ ਮੰਨਦੇ ਹਨ ਕਿ ਜਿੰਮ ਦੀ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਰੁਟੀਨ ਦਾ ਪਾਲਣ ਹੋਣਾ ਚਾਹੀਦਾ ਹੈ। ਮੈਂਗਲੋਰ ਦੇ ਪੀਏ ਇੰਸਟੀਚਿਊਟ ਆਫ਼ ਫ਼ਿਜ਼ਿਓਥੈਰੇਪੀ ਦੇ ਪ੍ਰਿੰਸੀਪਲ ਸਤੀਸ਼ ਰਘੂਨਾਥਨ ਆਖਦੇ ਹਨ,” ਲਗਾਤਾਰ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਨੂੰ ਵੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂਕਿ ਪਤਾ ਲੱਗ ਸਕੇ ਕਿ ਉਹ ਜਲਦੀ ਤਾਂ ਨਹੀਂ ਥੱਕ ਜਾਂਦੇ। ਅਜਿਹਾ ਇਸ ਲਈ ਜ਼ਰੂਰੀ ਹੈ ਤਾਂ ਕਿ ਪਤਾ ਲੱਗੇ ਕਿ ਕੋਈ ਕਸਰਤ ਉਸ ਵਿਅਕਤੀ ਲਈ ਠੀਕ ਹੈ ਜਾਂ ਨਹੀਂ। ਸਾਰੀਆਂ ਸ਼ੁਰੁਆਤੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਹਾਈ ਇੰਟੈਂਸਟੀ ਜਾਂ ਭਾਰੀਆਂ ਕਸਰਤਾਂ ਸ਼ੁਰੂ ਕਰਨ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਤੁਸੀਂ ਇਸ ਨੂੰ ਜ਼ਿਆਦਾ ਸਮਾਂ ਨਾ ਕਰੋ। ਸਰੀਰਕ ਤੌਰ ‘ਤੇ ਚੰਗੇ ਅਤੇ ਤੰਦਰੁਸਤ ਦਿਖਣ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਦਿਲ ਸਿਹਤਮੰਦ ਹੋਵੇ।












