ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਨੇ ਹੁਣ ਤੱਕ ਲੱਗਭਗ 30 ਦੇ ਕਰੀਬ ਦੇਸ਼ਾਂ ਵਿਚ ਦਸਤਕ ਦੇ ਦਿੱਤੀ ਹੈ। ਉੱਧਰ ਇਟਲੀ ਸਰਕਾਰ ਦੇਸ਼ ਵਿਚੋਂ ਕੋਰੋਨਾ ਮਹਾਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਢੰਗ ਅਪਣਾ ਰਹੀ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਇਟਲੀ ਨੂੰ ਕੋਵਿਡ ਮਹਾਮਾਰੀ ਕਰਕੇ ਭਾਰੀ ਖਮਿਆਜਾ ਭੁਗਤਣਾ ਪਿਆ ਸੀ। ਹੁਣ ਇਟਲੀ ਸਰਕਾਰ ਵਲੋਂ ਇਸ ਮਹੀਨੇ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਤਿਆਰ ਕੀਤੀ ਐਂਟੀ ਕੋਵਿਡ ਵੈਕਸੀਨ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਟਲੀ ਦੀ ਨੈਸ਼ਨਲ ਦਵਾਈਆਂ ਦੀ ਏਜੰਸੀ ਨੇ ਇਸ ਉਮਰ ਸਮੂਹ ਵਿੱਚ ਫਾਈਜ਼ਰ ਕੰਪਨੀ ਦੀ ਵੈਕਸੀਨ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਛੋਟੇ ਬੱਚਿਆਂ ਨੂੰ ਖੁਰਾਕ ਦਾ ਤੀਜਾ ਹਿੱਸਾ ਮਿਲੇਗਾ ਜੋ ਬਾਲਗਾਂ ਨੂੰ ਮਿਲ ਰਿਹਾ ਹੈ।ਦੋ ਖੁਰਾਕਾਂ ਦੇ ਰੂਪ ਵਿੱਚ ਇੱਕ ਤੋਂ ਤਿੰਨ ਹਫ਼ਤਿਆਂ ਦੀ ਦੂਰੀ ‘ਤੇ ਐਂਟੀ ਕੋਵਿਡ ਵੈਕਸੀਨ ਲਗਾਈ ਜਾਵੇਗੀ। ਇਟਾਲੀਅਨ ਮੈਡੀਸਨ ਏਜੰਸੀ ਏ.ਆਈ.ਐਫ.ਏ. ਨੇ ਯੂਰਪੀਅਨ ਮੈਡੀਸ਼ਨ ਏਜੰਸੀ (ਈਐਮਏ) ਦੁਆਰਾ 5 ਤੋਂ 11 ਸਾਲ ਦੇ ਬੱਚਿਆਂ ਲਈ ਕੋਵਿਡ ਜੈਬ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹਰੀ ਝੰਡੀ ਦਿੱਤੀ ਅਤੇ ਕਿਹਾ ਕਿ ਫਾਈਜ਼ਰ ਕੰਪਨੀ ਦੀ ਵੈਕਸੀਨ “ਉੱਚ ਪੱਧਰ ਦੀ ਪ੍ਰਭਾਵਸ਼ੀਲਤਾ ਦਰਸਾਉਂਦੀ ਹੈ।
ਇਟਲੀ ਦੇ ਹੈਲਥ ਅੰਡਰ ਸੈਕਟਰੀ ਐਂਦਰੀਆ ਕੋਸਟਾ ਨੇ ਕਿਹਾ ਕਿ ਇਸਦਾ ਉਦੇਸ਼ ਕ੍ਰਿਸਮਸ ਤੋਂ ਪਹਿਲਾਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ ਲਈ ਟੀਕਾਕਰਨ ਸ਼ੁਰੂ ਕਰਨਾ ਸੀ।ਉਧਰ ਇਟਲੀ ਦੇ ਸੱਜੇ-ਪੱਖੀ ਲੀਗ ਪਾਰਟੀ ਆਗੂ ਮਾਤੈੳ ਸਾਲਵੀਨੀ ਦੀ ਨੇ ਕਿਹਾ ਕਿ 5 ਤੋਂ 11 ਸਾਲ ਉਮਰ ਦੇ ਬੱਚਿਆਂ ਲਈ ਐਂਟੀ ਕੋਵਿਡ ਵੈਕਸੀਨ ਦੀ ਕੋਈ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੋਣੀ ਚਾਹੀਦੀ, ਸਗੋਂ ਇਹ ਉਨ੍ਹਾਂ ਬੱਚਿਆ ਦੇ ਮਾਤਾ ਅਤੇ ਪਿਤਾ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੋਵਿਡ ਦੀ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਜਾਂ ਨਹੀਂ।ਦੱਸਣਯੋਗ ਹੈ ਕਿ ਇਟਲੀ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਹਰ ਪਹਿਲੂ ਤੋਂ ਬਚਾ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਇਟਲੀ ਵਿੱਚ ਬਹੁਤ ਜ਼ਿਆਦਾ ਜਾਨੀ ਨੁਕਸਾਨ ਦੇ ਨਾਲ-ਨਾਲ ਮਾਲੀ ਨੁਕਸਾਨ ਵੀ ਹੋਇਆ ਹੈ।