ਬੰਗਾਲ ਦੀ ਖਾੜੀ ‘ਤੇ ਬਣਿਆ ਡੂੰਘਾ ਦਬਾਅ ਹੁਣ ਚੱਕਰਵਾਤ ‘ਜਵਾਦ’ ‘ਚ ਬਦਲਦਾ ਨਜ਼ਰ ਆ ਰਿਹਾ ਹੈ। ‘ਜਵਾਦ’ ਦਾ ਅਸਰ ਤਾਮਿਲਨਾਡੂ ’ਚ ਵੀ ਦੇਖਣ ਨੂੰ ਮਿਲੇਗਾ। ਭਾਰੀ ਬਾਰਿਸ਼ ਦੇ ਚੱਲਦਿਆਂ ਸੂਬੇ ’ਚ ਸਾਰੇ ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੱਜ ਇਹ ਤੂਫ਼ਾਨ ਆਂਧਰ ਪ੍ਰਦੇਸ਼ ਦੇ ਤਟ ਨਾਲ ਟਕਰਾਏਗਾ, ਜਿਸਦੇ ਚੱਲਦਿਆਂ ਕਈ ਸੂਬਿਆਂ ’ਚ ਇਸਦਾ ਅਸਰ ਦੇਖਣ ਨੂੰ ਮਿਲੇਗਾ। ਸੂਬਾ ਪ੍ਰਸ਼ਾਸਨ ਇਸ ਤੂਫਾਨ ਨੂੰ ਲੈ ਕੇ ਅਲਰਟ ਹੋ ਗਿਆ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਮੁਤਾਬਕ, ਚੱਕਰਵਾਤ ਅੱਜ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੱਟ ਦੇ ਨੇੜੇ ਪੱਛਮੀ-ਮੱਧ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਤੂਫਾਨ ਓਡੀਸ਼ਾ ਅਤੇ ਨਾਲ ਲੱਗਦੇ ਆਂਧਰਾ ਪ੍ਰਦੇਸ਼ ਦੇ ਤੱਟ ‘ਤੇ ਉੱਤਰ-ਉੱਤਰ-ਪੂਰਬ ਵੱਲ ਵਧੇਗਾ। ਮੌਸਮ ਵਿਭਾਗ ਮੁਤਾਬਕ 5 ਦਸੰਬਰ ਯਾਨੀ ਐਤਵਾਰ ਨੂੰ ਦੁਪਹਿਰ ਤੱਕ ਪੁਰੀ ਦੇ ਆਸ-ਪਾਸ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਮੁਤਾਬਕ ਉੱਤਰੀ ਆਂਧਰਾ ਪ੍ਰਦੇਸ਼ ਤੱਟ ਅਤੇ ਉੜੀਸਾ ਤੱਟ ਦੇ ਨੇੜੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਅੱਜ ਸ਼ਾਮ ਤੋਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ ਇਹ ਹਵਾਵਾਂ ਅਗਲੇ 12 ਘੰਟਿਆਂ ਤੱਕ ਜਾਰੀ ਰਹਿ ਸਕਦੀਆਂ ਹਨ। ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਅਸਥਾਈ ਸਮੇਂ ਲਈ ਸਮੁੰਦਰ ਵਿੱਚ ਵੱਡੇ ਤੂਫਾਨ ਵਿੱਚ ਬਦਲ ਸਕਦਾ ਹੈ।ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਚ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ।ਐਤਵਾਰ ਸਵੇਰ ਤੋਂ ਅਗਲੇ 12 ਘੰਟਿਆਂ ਤੱਕ ਹਵਾ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਸਾਊਦੀ ਅਰਬ ਨੇ ਇਸ ਚੱਕਰਵਾਤ ਦਾ ਨਾਂ ‘ਜਵਾਦ’ ਰੱਖਿਆ ਹੈ। ਆਈਐਮਡੀ ਮੁਤਾਬਕ, ਸ਼ਨੀਵਾਰ ਅਤੇ ਐਤਵਾਰ ਨੂੰ ਪੱਛਮੀ ਬੰਗਾਲ ਦੇ ਕੁਝ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।