ਖ਼ਬਰ ਉੱਤਰ ਪ੍ਰਦੇਸ਼ ਤੋਂ ਹੈ ਜਿੱਥੇ ਨਵਵਿਆਹੁਤਾ ਦੀ ਐਤਵਾਰ ਦੇਰ ਰਾਤ 8ਵੀਂ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਗਈ। ਉੱਥੇ ਹੀ ਪੇਕੇ ਪੱਖ ਨੇ ਦਾਜ ਕਤਲ ਦਾ ਦੋਸ਼ ਲਗਾ ਪਤੀ, ਸਹੁਰੇ ਅਤੇ ਸੱਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਦਿੰਦਿਆਂ ਥਾਣੇ ਦੇ ਇੰਚਾਰਜ ਇੰਸਪੈਕਟਰ ਅਨੀਤਾ ਚੌਹਾਨ ਨੇ ਦੱਸਿਆ ਕਿ ਇਕੋਵਿਲੇਜ ਸੋਸਾਇਟੀ ’ਚ ਰਹਿਣ ਵਾਲੀ ਕਰੁਣਾ (26) ਦੀ ਐਤਵਾਰ ਦੇਰ ਰਾਤ ਸ਼ੱਕੀ ਹਾਲਾਤਾਂ ’ਚ 8ਵੀਂ ਮੰਜ਼ਲ ਸਥਿਤ ਫਲੈਟ ਦੀ ਬਾਲਕਨੀ ’ਚੋਂ ਡਿੱਗਣ ਨਾਲ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਅਰੁਚੀ ਮ੍ਰਿਦੁਲ (ਵਾਸੀ ਮੁਰੈਨਾ, ਮੱਧ ਪ੍ਰਦੇਸ਼) ਨੇ ਪੀੜਤਾ ਦੇ ਪਤੀ ਸੋਨੂੰ ਊਰਫ਼ ਦੇਵਕੀ, ਸਹੁਰੇ ਸ਼੍ਰੀਰਾਮ ਅਤੇ ਸੱਸ ਲੀਲਾ ਨੂੰ ਨਾਮਜ਼ਦ ਕਰਦੇ ਹੋਏ ਦਾਜ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਹੈ। ਚੌਹਾਨ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ ਸਹੁਰਾ ਪੱਖ ਵਿਆਹ ਦੇ ਬਾਅਦ ਤੋਂ ਹੀ ਕਰੁਣਾ ਨਾਲ ਦਾਜ ਲਈ ਕੁੱਟਮਾਰ ਕਰ ਰਿਹਾ ਸੀ ਅਤੇ 5 ਲੱਖ ਰੁਪਏ ਦੇਣ ਦੀ ਮੰਗ ਪੂਰੀ ਨਾ ਹੋਣ ’ਤੇ ਉਸ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ’ਚ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।