ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾਰ ਇੱਕ ਮੁਸਾਫਰ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮੁਸਾਫ਼ਿਰ ਨਵੀਂ ਦਿੱਲੀ ਤੋਂ ਅਮਰੀਕਾ ਦੇ ਨੇਵਾਰਕ ਜਾ ਰਿਹਾ ਸੀ ਅਤੇ ਆਪਣੀ ਪਤਨੀ ਨਾਲ ਜਹਾਜ਼ ਵਿੱਚ ਸਫਰ ਕਰ ਰਿਹਾ ਸੀ। ਉਡਾਣ ਭਰਨ ਦੇ ਤਿੰਨ ਘੰਟੇ ਬਾਅਦ ਮੈਡੀਕਲ ਐਮਰਜੈਂਸੀ ਕਰਕੇ ਜਹਾਜ਼ ਦਿੱਲੀ ਹਵਾਈ ਅੱਡੇ ਵਾਪਸ ਪਰਤ ਆਇਆ। ਇਸ ਤੋਂ ਬਾਅਦ ਹਵਾਈ ਅੱਡੇ ਦੇ ਡਾਕਟਰਾਂ ਦੀ ਟੀਮ ਜਹਾਜ਼ ‘ਤੇ ਪਹੁੰਚੀ ਅਤੇ ਮੁਸਾਫਰ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਸਾਫਰ ਅਮਰੀਕੀ ਨਾਗਰਿਕ ਸੀ।
ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨੇਵਾਰਕ ਜਾ ਰਹੀ ਫਲਾਈਟ ਨੰਬਰ ਏਆਈ-105 ਵਿੱਚ ਪਤਨੀ ਨਾਲ ਸਫਰ ਕਰ ਰਹੇ ਇੱਕ ਮੁਸਾਫਰ ਦੀ ਮੌਤ ਹੋ ਜਾਣ ਕਰਕੇ ਫਲਾਈਟ ਵਾਪਿਸ ਪਰਤ ਆਈ। ਫਲਾਈਟ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਰੂਪ ਨਾਲ ਲੈਂਡ ਕੀਤੀ ਅਤੇ ਫਲਾਈਟ ਟਾਈਮ ਡਿਊਟੀ ਲਿਮਿਟੇਸ਼ਨ (ਐੱਫ. ਡੀ. ਟੀ. ਐੱਲ.) ਮਾਪਦੰਡਾਂ ਮੁਤਾਬਕ ਜਹਾਜ਼ ਦੇ ਸੰਚਾਲਨ ਲਈ ਚਾਲਕ ਦਲ ਦੇ ਇੱਕ ਹੋਰ ਸਮੂਹ ਦਾ ਪ੍ਰਬੰਧ ਕੀਤਾ ਜਾਵੇਗਾ। ਨਵੇਂ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਉਹੀ ਜਹਾਜ਼ ਸ਼ਾਮ 4 ਵਜੇ ਦੇ ਕਰੀਬ ਉਡਾਣ ਭਰਨ ਦੀ ਉਮੀਦ ਹੈ।