ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਪੰਜਾਬ, ਸਗੋਂ ਦੇਸ਼ ਵਿੱਚ ਇੱਕ ਵੱਡਾ ਰਾਜਨੀਤਕ ਨਾਮ ਹੈ। ਭਾਵੇਂ ਉਹ ਅਕਾਲੀ ਦਲ ਵਿੱਚ ਵੀ ਰਹੇ ਹਨ ਪਰ ਕਾਂਗਰਸ ਦੇ ਘਾਗ ਆਗੂਆਂ ਵਜੋਂ ਉਨ੍ਹਾਂ ਦੀ ਮਾਨਤਾ ਹਮੇਸ਼ਾ ਰਹੇਗੀ। ਇਹ ਗੱਲ ਹੋਰ ਹੈ ਕਿ ਹੁਣ ਇਸ ਪਾਰਟੀ ਨੇ ਆਪਣੇ ਉਸ ਵੱਡੇ ਆਗੂ ਨੂੰ ਕਿਨਾਰੇ ਕਰ ਦਿੱਤਾ, ਜਿਸ ਨੇ ਪੰਜਾਬ ਵਿੱਚ ਕਾਂਗਰਸ ਨੂੰ ਉਸ ਵੇਲੇ ਸਥਾਪਤ ਕੀਤਾ, ਜਦੋਂ ਸਮੁੱਚੇ ਦੇਸ਼ ਵਿੱਚ ਭਾਜਪਾ ਤੇ ਮੋਦੀ ਲਹਿਰ ਚੱਲ ਰਹੀ ਸੀ।
ਕੈਪਟਨ ਅਮਰਿੰਦਰ ਸਿੰਘ ਭਾਵੇਂ ਸ਼ਾਹੀ ਖ਼ਾਨਦਾਨ ਨਾਲ ਸਬੰਧ ਰੱਖਦੇ ਹਨ ਪਰ ਸਿਆਸਤ ਵਿੱਚ ਉਨ੍ਹਾਂ ਦਾ ਸਫ਼ਰ ਬੇਹਦ ਚੁਣੌਤੀਆਂ ਭਰਿਆ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਹਰਾ ਕੇ ਅੰਮ੍ਰਿਤਸਰ ਦੀ ਸੀਟ ਜਿੱਤੀ ਸੀ। 2019 ਵਿੱਚ ਵੀ 13 ਵਿੱਚੋਂ 8 ਸੀਟਾਂ ਜਿੱਤ ਕੇ ਪੰਜਾਬ ਵਿੱਚ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਉਹ ਦੇਸ਼ ਵਿੱਚ ਕਾਂਗਰਸ ਦੇ ਮੁੱਖ ਚਿਹਰਿਆਂ ਵਿੱਚੋਂ ਇੱਕ ਗਿਣੇ ਜਾਂਦੇ ਸਨ। ਹੁਣ ਭਾਜਪਾ ਨਾਲ ਉਨ੍ਹਾਂ ਦਾ ਸਿਆਸੀ ਸਫ਼ਰ ਕਿਹੋ ਜਿਹਾ ਰਹੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਇਸ ਦੌਰਾਨ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਸਿਆਸੀ ਟਕਰਾਅ ਸੁਰਖੀਆਂ ਵਿੱਚ ਰਹੇ। ਪਟਿਆਲਾ ਦੇ ਸ਼ਾਹੀ ਖਾਨਦਾਨ ਦੇ ਵੰਸ਼ਜ ਅਮਰਿੰਦਰ ਸਿੰਘ 1963 ਵਿੱਚ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਕਮਿਸ਼ਨ ਹੋਏ ਸਨ। ਫੌਜ ਦੀ ਨੌਕਰੀ ਉਨ੍ਹਾਂ ਨੂੰ ਬਹੁਤਾ ਰਾਸ ਨਹੀਂ ਆਈ। ਕੈਪਟਨ ਅਮਰਿੰਦਰ ਸਿੰਘ ਦਾ ਸਿਆਸਤ ਨਾਲ ਬਹੁਤਾ ਵਾਸਤਾ ਨਹੀਂ ਸੀ ਪਰ ਉਨ੍ਹਾਂ ਦੇ ਸਕੂਲੀ ਦਿਨਾਂ ਦੇ ਦੋਸਤ ਰਾਜੀਵ ਗਾਂਧੀ 1980 ਵਿੱਚ ਉਨ੍ਹਾਂ ਨੂੰ ਕਾਂਗਰਸ ਵਿੱਚ ਲੈ ਕੇ ਆਏ। ਇਸੇ ਸਾਲ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਲੋਕ ਸਭਾ ਸਾਂਸਦ ਬਣੇ।
1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਸਾਂਸਦ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਅਗਲੇ ਸਾਲ ਅਗਸਤ 1985 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਤੋਂ ਇੱਕ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਚੁਣੇ ਗਏ ਅਤੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਮੰਤਰੀ ਬਣੇ।
1992 ਵਿੱਚ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵੱਖ ਹੋ ਗਏ ਅਤੇ ਆਪਣੀ ਇੱਕ ਅਲੱਗ ਪਾਰਟੀ ਜਿਸ ਦਾ ਨਾਮ ਅਕਾਲੀ ਦਲ (ਪੰਥਕ), ਸੀ ਦੀ ਸ਼ੁਰੁਆਤ ਕੀਤੀ। ਹਾਲਾਂਕਿ ਬਾਅਦ ‘ਚ ਉਹ ਮੁੜ ਕਾਂਗਰਸ ‘ਚ ਆ ਗਏ ਪਰ 2021 ‘ਚ ਕੁੱਝ ਵਿਵਾਦਾਂ ਕਰਕੇ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ। ਉਨ੍ਹਾਂ ਦੀ ਪਾਰਟੀ ਦਾ ਗਠਜੋੜ ਭਾਜਪਾ ਤੇ ਅਕਾਲੀ ਦਲ ਸਯੁੰਕਤ ਨਾਲ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਪਾਰਟੀਆਂ ਮਿਲ ਕੇ ਸੂਬੇ ‘ਚ ਸਰਕਾਰ ਬਣਾ ਪਾਉਂਦੀਆਂ ਹਨ ਜਾ ਨਹੀਂ।












