ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਫਰਜ਼ੀ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਇਸ ਮਾਮਲੇ ‘ਤੇ ਆਪਣਾ ਪਹਿਲਾ ਬਿਆਨ ਦਿੱਤਾ ਹੈ। ਇਨ੍ਹਾਂ ਫਰਜ਼ੀ ਵੀਡੀਓਜ਼ ਬਾਰੇ ਪੁੱਛੇ ਜਾਣ ‘ਤੇ CM ਮਾਨ ਨੇ ਕਿਹਾ, “ਭਾਜਪਾ ਕੋਲ ਫੇਕ ਤੋਂ ਇਲਾਵਾ ਹੋਰ ਹੈ ਵੀ ਕੀ?”
ਉਨ੍ਹਾਂ ਦੀ ਪਾਰਟੀ ਆਮ ਆਦਮੀ ਪਾਰਟੀ (ਆਪ) ਦਾ ਕਹਿਣਾ ਹੈ ਕਿ ਭਾਜਪਾ ਆਗੂ ਜਾਣਬੁੱਝ ਕੇ ਸੋਸ਼ਲ ਮੀਡੀਆ ‘ਤੇ ਇਨ੍ਹਾਂ ਫਰਜ਼ੀ ਵੀਡੀਓਜ਼ ਨੂੰ ਫੈਲਾ ਰਹੇ ਹਨ। ਪਾਰਟੀ ਨੇ ਟਵਿੱਟਰ ‘ਤੇ ਇਹ ਵੀ ਪੋਸਟ ਕੀਤਾ ਕਿ ਇਹ ਡੀਪ ਫੇਕ ਵੀਡੀਓ ਕੁਝ ਸੱਜੇ-ਪੱਖੀ ਟ੍ਰੋਲਸ ਵੱਲੋਂ ਫੈਲਾਇਆ ਜਾ ਰਿਹਾ ਹੈ।
ਸੀਨੀਅਰ ਨੇਤਾ ਬਲਤੇਜ ਪੰਨੂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਵੀਡੀਓ ਵਿਰੋਧੀ ਧਿਰ ਦੁਆਰਾ ਫੈਲਾਇਆ ਗਿਆ ਝੂਠਾ ਪ੍ਰਚਾਰ ਹੈ। ਉਨ੍ਹਾਂ ਕਿਹਾ ਕਿ ਵੀਡੀਓ ਅਪਲੋਡ ਕਰਨ ਵਾਲਾ ਵਿਅਕਤੀ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਭਾਜਪਾ ਦੀ ਸੋਸ਼ਲ ਮੀਡੀਆ ਟੀਮ ਨਾਲ ਜੁੜਿਆ ਹੋਇਆ ਹੈ।
ਮੋਹਾਲੀ ਦੀ ਇੱਕ ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਫਰਜ਼ੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਲਗਾਤਾਰ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।












