ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨਗਰੋਟਾ ਬਾਗਵਾਨ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੇ ਹੀ ਵੱਡੇ ਭਰਾ ਅਤੇ ਭਰਜਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਕਰਕੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਗਰੋਟਾ ਬਾਗਵਾਨ ਵਿਧਾਨ ਸਭਾ ਹਲਕੇ ਦੀ ਜਸੌਰ ਪੰਚਾਇਤ ਦੇ ਵਾਰਡ ਨੰ: ਵਿੱਚ ਦੋਹਰੇ ਕਤਲ ਕਾਰਨ ਸਨਸਨੀ ਫੈਲ ਗਈ। ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਤਲ ਦੀ ਇਸ ਘਟਨਾ ਨੂੰ ਮ੍ਰਿਤਕ ਦੀ ਛੋਟੀ ਬੱਚੀ ਦੇ ਸਾਹਮਣੇ ਹੀ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੀਪਕ ਕੁਮਾਰ ਨੇ ਜ਼ਮੀਨੀ ਵਿਵਾਦ ਕਾਰਨ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਹੈ। ਗੋਲੀਆਂ ਚਲਾਉਣ ਤੋਂ ਪਹਿਲਾਂ ਮੁਲਜ਼ਮ ਅਤੇ ਮ੍ਰਿਤਕ ਦੇ ਵਿਚਕਾਰ ਲੜਾਈ ਹੋਈ ਅਤੇ ਬਾਅਦ ਵਿੱਚ ਮੁਲਜ਼ਮ ਨੇ ਆਪਣੀ ਬੰਦੂਕ ਨਾਲ ਭਰਾ ਅਤੇ ਭਰਜਾਈ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਉਨ੍ਹਾਂ ਨੂੰ ਅੱਜ ਹੀ ਪੋਸਟਮਾਰਟਮ ਲਈ ਟਾਂਡਾ ਮੈਡੀਕਲ ਕਾਲਜ ਤੇ ਹਸਪਤਾਲ ਭੇਜਿਆ ਜਾਵੇਗਾ।
ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਨ ਲਈ ਧਰਮਸ਼ਾਲਾ ਤੋਂ ਫੋਰੈਂਸਿਕ ਟੀਮ ਵੀ ਬੁਲਾਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਹਨ। ਦੋਹਰੇ ਕਤਲ ਦੀ ਇਹ ਘਟਨਾ ਬੀਤੇ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ।











