ਮੰਡੀ ਜ਼ਿਲੇ ਦੇ ਸਰਾਜ ਘਾਟੀ ਦੇ ਪਿੰਡ ਮਝਾਖਲ ‘ਚ ਇਕ ਘਰ ‘ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਪੁਰਸ਼ੋਤਮ ਦਾ 20 ਕਮਰਿਆਂ ਵਾਲਾ ਘਰ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਪਰ ਉਦੋਂ ਤੱਕ ਘਰ ਸੜ ਕੇ ਸੁਆਹ ਹੋ ਚੁੱਕਾ ਸੀ।
ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਗੈਸ ਸਿਲੰਡਰ ਫਟਣ ਕਾਰਨ ਲੱਗੀ। ਜ਼ਬਰਦਸਤ ਧਮਾਕੇ ਤੋਂ ਬਾਅਦ ਭੂਪੇਂਦਰ ਦਾ ਬੇਟਾ ਵੀ ਝੁਲਸ ਗਿਆ। ਉਸ ਨੂੰ ਇਲਾਜ ਲਈ ਜੰਜੈਹਲੀ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਘਰ ਵਿੱਚ ਛੇ ਪਰਿਵਾਰ ਰਹਿੰਦੇ ਸਨ, ਜੋ ਹੁਣ ਬੇਘਰ ਹੋ ਗਏ ਹਨ। ਇਸ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਸਥਾਨਕ ਪ੍ਰਸ਼ਾਸਨ, ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪੁਲਿਸ ਮੌਕੇ ‘ਤੇ ਨੁਕਸਾਨ ਦਾ ਜਾਇਜ਼ਾ ਲੈਣ ‘ਚ ਜੁਟੀ ਹੋਈ ਹੈ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਆਸ-ਪਾਸ ਦੇ ਘਰਾਂ ‘ਚ ਵੀ ਇਸ ਦੇ ਫੈਲਣ ਕਾਰਨ ਲੋਕ ਡਰ ਗਏ।












