ਕੁੱਲੂ ‘ਚ ਅਟਲ ਸੁਰੰਗ ਰੋਹਤਾਂਗ ਰੋਡ ‘ਤੇ ਇਕ ਸੈਲਾਨੀ ਦੀ ਕਾਰ ਨੂੰ ਅੱਗ ਲੱਗ ਗਈ। ਦਿੱਲੀ ਤੋਂ ਸੈਲਾਨੀ ਇੱਕ ਕਾਰ ਵਿੱਚ ਰੋਹਤਾਂਗ ਵੱਲ ਜਾ ਰਹੇ ਸਨ। ਸੁਰੰਗ ਤੋਂ ਕਰੀਬ 4 ਕਿਲੋਮੀਟਰ ਪਹਿਲਾਂ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਤੁਰੰਤ ਕਾਰ ਰੋਕ ਕੇ ਸਾਰਿਆਂ ਨੂੰ ਹੇਠਾਂ ਉਤਾਰਿਆ। ਕਾਰ ਵਿੱਚ ਡਰਾਈਵਰ ਸਣੇ 5 ਲੋਕ ਸਵਾਰ ਸਨ ਜਿਹਨਾਂ ਵਿਚ ਇੱਕ ਬੱਚੇ ਵੀ ਸ਼ਾਮਿਲ ਸੀ।
ਦਸ ਦਈਏ ਕਿ ਘਟਨਾ ਦੀ ਸੂਚਨਾ ਮਨਾਲੀ ਦੇ ਫਾਇਰ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਵਿਭਾਗ ਅਤੇ ਅਟਲ ਸੁਰੰਗ ਰੋਹਤਾਂਗ ‘ਚ ਤਾਇਨਾਤ ਟੀਮ ਫਾਇਰ ਟੈਂਡਰ ਨਾਲ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਘਟਨਾ ਤੋਂ ਬਾਅਦ ਦਿੱਲੀ ਤੋਂ ਘੁੰਮਣ ਆਏ ਸੈਲਾਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਘਟਨਾ ਤੋਂ ਬਾਅਦ ਇਨ੍ਹਾਂ ਸੈਲਾਨੀਆਂ ਨੂੰ ਮਨਾਲੀ ਵਾਪਿਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕਾਰ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।












