ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੇਤ ਮਹੀਨੇ ਦੀ ਸੰਗਰਾਂਦ ਤੇ ਨਵੇਂ ਸਿੱਖ ਨਵੇਂ ਸਾਲ ਦੀ ਆਮਦ ‘ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਸੰਮਤ 557 ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ। ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਇਸ ਮੌਕੇ ਉਨ੍ਹਾਂ ਗੁਰੂ ਸਾਹਿਬਾਂ ਵੱਲੋਂ ਉਚਾਰੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਂਝ ਰਾਗ ਵਿੱਚ ਬਾਰਹ ਮਾਹਾ ਦੀ ਬਖ਼ਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਭਿੰਨ ਅਵਸਥਾਵਾਂ ਜਿਵੇਂ ਕੇ ਖੇੜਾ, ਬਿਰਹਾ, ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ ਬਾਰਹ ਮਾਹਾ ਦਾ ਉਚਾਰਨ ਕੀਤਾ ਹੈ, ਜਿਸ ਵਿੱਚ ਉਨ੍ਹਾਂ ਵੈਰਾਗ ਤੋਂ ਅਨੁਰਾਗ ਤੱਕ ਦਾ ਸਫ਼ਰ ਦਰਸਾਇਆ ਹੈ। ਇਸ ਧਰਤੀ ’ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਵੀ ਇਨ੍ਹਾਂ ਦੇਸੀ ਮਹੀਨਿਆਂ ਦੇ ਨਾਲ ਹੀ ਪ੍ਰਗਟ ਹੁੰਦੇ ਹਨ। ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ, ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਦਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੇਤ ਮਹੀਨਾ ਵਾਹਿਗੁਰੂ ਦਾ ਨਾਮ ਜਪਣ ਦਾ ਸੁਨੇਹਾ ਦਿੰਦਾ ਹੈ। ਜਿਸ ਤਰ੍ਹਾਂ ਲੋਕ ਅੰਗਰੇਜ਼ੀ ਕਲੰਡਰ ਮੁਤਾਬਕ ਨਵੇਂ ਸਾਲ ਉੱਤੇ ਗੁਰੂ ਘਰਾਂ ਵਿਚ ਜਾਂਦੇ ਹਨ ਉਸੇ ਤਰ੍ਹਾਂ ਹੀ ਹੁਣ ਵੀ ਲੋਕਾਂ ਨੂੰ ਚੇਤ ਮਹੀਨੇ ਦੀ ਸੰਗਰਾਂਦ ਤੇ ਵੀ ਗੁਰੂ ਘਰਾਂ ਵਿਚ ਵੀ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਥੇਦਾਰ ਗੜਗੱਜ ਨੇ ਕਿਹਾ ਕਿ ਇਸੇ ਸਾਲ ਹੀ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸੇਵਕ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਨਾਲ ਹੀ ਦਸਵੇਂ ਪਾਤਸ਼ਾਹ ਜੀ ਦਾ 350ਵਾਂ ਗੁਰਆਈ ਦਿਵਸ ਵੀ ਮਨਾ ਰਹੇ ਹਾਂ। ਨੌਵੇਂ ਪਾਤਸ਼ਾਹ ਜੀ ਦੀ ਸ਼ਤਾਬਦੀ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਸਿੱਖ ਪੰਥ ਅੱਜ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਖਿਲਾਫ਼ ਉਸੇ ਹੀ ਸ਼ਿੱਦਤ ਨਾਲ ਸੰਘਰਸ਼ਸ਼ੀਲ ਹੈ। ਅੱਜ ਸਾਡੇ ਜੁਝਾਰੂ ਸਿੰਘ ਲੰਮੇ ਸਮੇਂ ਤੋਂ ਹਕੂਮਤਾਂ ਦੇ ਬੰਦੀ ਖਾਨਿਆਂ ਵਿੱਚ ਕੈਦ ਹਨ, ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣਾ ਚਾਹੀਦਾ ਹੈ।ਸਿੱਖ ਕੌਮ ਦੇ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਮੌਕ ਉਨ੍ਹਾਂ ਨੂੰ ਯਾਦ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦ ਕੌਮ ਦੇ ਨਾਇਕ ਅਤੇ ਯੋਧੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਖਾਂ ਨੇ ਆਪਣੀ ਅਣਖ ਨੂੰ, ਗੈਰਤ ਨੂੰ ਕਾਇਮ ਰੱਖਣਾ ਹੈ ਤਾਂ ਇਤਿਹਾਸ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅੱਜ ਜਥੇਦਾਰ ਅਕਾਲੀ ਫੂਲਾ ਸਿੰਘ ਜਿਹਾ ਨਿਸਚਾ ਅਰਦਾਸ ਵਿੱਚ ਰੱਖਣ ਦੀ ਲੋੜ ਹੈ, ਜਿਨ੍ਹਾਂ ਨੇ ਅਰਦਾਸ ਵਿੱਚ ਭਰੋਸਾ ਕਰਦਿਆਂ ਅਟਕ ਦਰਿਆ ਨੂੰ ਪਾਰ ਕੀਤਾ ਤੇ ਸਿੱਖਾਂ ਦੀ ਚੜ੍ਹਦੀ ਕਲਾ ਕੀਤੀ।
----------- Advertisement -----------
ਨਵੇਂ ਸਾਲ ਦੀ ਨਵੇਂ ਜਥੇਦਾਰ ਗੜਗੱਜ ਨੇ ਦਿੱਤੀ ਵਧਾਈ, ਲੋਕਾਂ ਨੂੰ ਦਿੱਤਾ ਵੱਡਾ ਸੁਨੇਹਾ
Published on
----------- Advertisement -----------