ਨਵੀਂ ਦਿੱਲੀ, 5 ਦਸੰਬਰ 2021 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇ ਪੀ ਨੱਢਾ ਨਾਲ ਮੁਲਾਕਾਤ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਉਹਨਾਂ ਵਿਚਕਾਰ 6 ਦਸੰਬਰ ਨੂੰ ਹੋਵੇਗੀ ਅਤੇ ਇਹਨਾਂ ਦੀ ਇਹ ਮੀਟਿੰਗ ਪੰਜਾਬ ਦੀ ਰਾਜਨੀਤੀ ‘ਚ ਵੱਡਾ ਧਮਾਕਾ ਕਰ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਪਹਿਲਾਂ ਹੀ ਖੇਤੀ ਕਾਨੂੰਨ ਵਾਪਸੀ ‘ਤੇ ਬੀਜੇਪੀ ਨਾਲ ਗੱਠਜੋੜ ਦਾ ਐਲਾਨ ਕਰ ਚੁੱਕੇ ਹਨ, ਪਰ ਹੁਣ ਉਹ ਖੇਤੀ ਕਾਨੂੰਨ ਰੱਦ ਹੋਣ ‘ਤੇ ਪੰਜਾਬ ‘ਚ ਹੋਣ ਵਾਲੀਆਂ 2022 ਵਿਧਾਨ ਸਭਾ ਚੋਣਾਂ ‘ਚ ਭਾਜਪਾ ਨਾਲ ਸੀਟਾਂ ਦੀ ਵੰਡ ਬਾਰੇ ਵੀ ਚਰਚਾ ਕਰਨਗੇ। ਇਸ ਤੋਂ ਇਲਾਵਾ ਇਸੀ ਹਫ਼ਤੇ ਪੰਜਾਬ ਦੇ ਇੰਚਾਰਜ ਭਾਜਪਾ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਵੀ ਕਿਹਾ ਸੀ ਕਿ ਪਾਰਟੀ ਹਾਈਕਮਾਂਡ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਗਠਜੋੜ ਬਾਰੇ ਫੈਸਲਾ ਲਵੇਗੀ।
ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕਹਿ ਚੁੱਕੇ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਸੰਯੁਕਤ ਦੇ ਆਗੁ ਸੁਖਦੇਵ ਸਿੰਘ ਢੀਂਡਸਾ ਦੀਆਂ ਪਾਰਟੀਆਂ ਨਾਲ ਗੱਠਜੋੜ ਲਈ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਬੀਜੇਪੀ ਵੱਲੋ ਦੀ ਦੋਵਾਂ ਆਗੂਆਂ ਨਾਲ ਹਾਂ ਪੱਖੀ ਗੱਲਬਾਤ ਚਲ ਰਹੀ ਹੈ ਤੇ ਗਠਜੋੜ ਹੋਣਾ ਸੰਭਵ ਹੈ।