ਘਰ ਦੇ ਹਾਲਾਤਾਂ ਨੂੰ ਸੁਧਾਰਨ ਦਾ ਸੁਪਨਾ ਲੈ ਕੇ 2014 ਵਿਚ ਅਮਰੀਕਾ ਗਏ ਤਿੰਨਾ ਭੈਣ ਭਰਾਵਾਂ ਚੋ ਸਭ ਤੋਂ ਛੋਟੇ ਬਲਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਭੈਲ ਢਾਏ ਵਾਲਾ ਦੀ ਅਮਰੀਕਾ ਦੇ ਬੈਨਸਾਲੇਮ ਵਿਚ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬੇਦਾਰ ਮੋਹਣ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਬੀਤੇ ਰੋਜ ਮਕਾਨ ਮਾਲਕ ਜਿਸਦੇ ਘਰ ਬਲਜੀਤ ਰਹਿੰਦਾ ਸੀ ਉਸਦਾ ਫੋਨ ਆਇਆ ਕਿ ਬਲਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ ਜਿਸ ਨੂੰ ਸੁਣਦਿਆਂ ਹੀ ਜਿਥੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਉਥੇ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਅਮਰੀਕਾ ਵਿਖੇ ਟਰਾਲਾ ਚਲਾਉਂਦਾ ਸੀ। ਜੋ ਪਿਛਲੇ 7 ਸਾਲ ਤੋਂ ਉਥੇ ਰਹਿ ਰਿਹਾ ਅਤੇ ਉਸਦੇ ਵਿਆਹ ਦੀ ਗੱਲ ਚੱਲ ਰਹੀ ਸੀ ਜੋ ਥੋੜੇ ਸਮੇਂ ਬਾਅਦ ਆਪਣੇ ਘਰ ਆਉਣ ਵਾਲਾ ਸੀ ਕਿ ਇਹ ਭਾਣਾ ਵਰਤ ਗਿਆ। ਸੂਬੇਦਾਰ ਮੋਹਣ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਦੀ ਡੈਡ ਬਾਡੀ ਇੰਡੀਆ ਲਿਆਉਣ ਲਈ ਕਾਫੀ ਪੈਸੇ ਦੀ ਲੋੜ ਹੈ ਜਿਸ ਦੇ ਲਈ ਬਾਹਰੋਂ ਕਈ ਲੋਕ ਮਦਦ ਕਰ ਰਹੇ ਹਨ ਪਰ ਅਜੇ ਹੋਰ ਮਦਦ ਦੀ ਲੋੜ ਹੈ।
ਜਿਕਰਯੋਗ ਹੈ ਕਿ ਗੁਰਮੇਜ ਸਿੰਘ ਦੇ ਜਵਾਨ ਪੁੱਤਰ ਬਲਜੀਤ ਸਿੰਘ ਤੋਂ ਪਹਿਲਾਂ ਪਿਛਲੇ ਸਾਲ ਹੀ ਉਨਾ ਦੇ ਜਵਾਈ ਦੀ ਮੌਤ ਹੋ ਗਈ ਸੀ ਜੋ ਬੀ ਐਸ ਐਫ ਵਿਚ ਨੌਕਰੀ ਕਰਦਾ ਸੀ ਅਜੇ ਪਰਿਵਾਰ ਵਾਲੇ ਉਸ ਸਦਮੇ ਚੋ ਬਾਹਰ ਨਿਕਲ ਰਹੇ ਸਨ ਕਿ ਇਕ ਹੋਰ ਨਾ ਸਹਿਣ ਯੋਗ ਭਾਣਾ ਪਰਿਵਾਰ ਨਾਲ ਵਾਪਰ ਗਿਆ। ਇਸ ਮੌਕੇ ਤੇ ਇਲਾਕੇ ਦੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।