ਬੀਤੇ ਦਿਨੀਂ ਫਰੀਦਕੋਟ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਡੇਰਾ ਸਿਰਸਾ ਪੁਹੰਚੀ ਸੀ ਪਰ SIT ਦੀ ਟੀਮ ਡੇਰਾ ਪ੍ਰਬੰਧਕਾਂ ਦੇ ਰਵੱਈਏ ਤੋਂ ਨਾਰਾਜ਼ ਨਜ਼ਰ ਆਈ । ਐਸਆਈਟੀ ਸੋਮਵਾਰ ਨੂੰ ਡੇਰਾ ਸਿਰਸਾ ਦੇ ਹੈੱਡਕੁਆਰਟਰ ਗਈ ਸੀ। ਉੱਥੇ ਉਹ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ ਪੀਆਰ ਨੈਨ ਨੂੰ ਨਹੀਂ ਲੱਭ ਸਕੇ।
ਇਸ ਮਾਮਲੇ ‘ਚ ਐੱਸਆਈਟੀ ਨੇ 3 ਫਰਾਰ ਡੇਰਾ ਪ੍ਰੇਮੀਆਂ ਦੀ ਭਾਲ ‘ਚ ਕਰੀਬ ਇਕ ਘੰਟੇ ਤੱਕ ਡੇਰੇ ਦੀ ਤਲਾਸ਼ੀ ਲਈ ਪਰ ਕੋਈ ਹੱਥ ਨਹੀਂ ਲੱਗਾ। ਟੀਮ ਨੇ ਉੱਥੋਂ ਕੁਝ ਦਸਤਾਵੇਜ਼ ਜ਼ਰੂਰ ਇਕੱਠੇ ਕੀਤੇ ਹਨ। ਹੁਣ ਜੇਕਰ ਵਿਪਾਸਨਾ ਅਤੇ ਨੈਨ ਖੁਦ ਪੇਸ਼ ਨਹੀਂ ਹੁੰਦੇ ਹਨ ਤਾਂ SIT ਕਾਨੂੰਨੀ ਤਰੀਕੇ ਨਾਲ ਉਨ੍ਹਾਂ ‘ਤੇ ਸਖਤੀ ਵਧਾਏਗੀ। ਇਸ ਤਹਿਤ ਉਸ ਦੀ ਗ੍ਰਿਫ਼ਤਾਰੀ ਲਈ ਵੀ ਕਦਮ ਚੁੱਕੇ ਜਾ ਸਕਦੇ ਹਨ, ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਇਸ ਦੇ ਮੱਦੇਨਜ਼ਰ ਹੁਣ ਡੇਰੇ ਦੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ ਪੀਆਰ ਨੈਨ ਹਾਈਕੋਰਟ ਦੀ ਸ਼ਰਨ ਵਿੱਚ ਪਹੁੰਚ ਗਏ ਹਨ। ਨੈਨ ਨੇ ਇੱਕ ਪਟੀਸ਼ਨ ਦਾਇਰ ਕਰਕੇ SIT ਨੂੰ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਤੋਂ ਪਹਿਲਾਂ ਨੋਟਿਸ ਜਾਰੀ ਕਰਨ ਲਈ ਕਿਹਾ ਹੈ।