ਅਫ਼ਗਾਨਿਸਤਾਨ ਦੇ ਸੱਤਾਧਾਰੀ ਤਾਲਿਬਾਨ ਨੇ ਕਿਹਾ ਕਿ ਉਸ ਨੇ ਔਰਤਾਂ ਦੇ ਜ਼ਬਰੀ ਵਿਆਹ ’ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਦੇ ਸੁਪਰੀਮ ਲੀਡਰ ਹਿਬਤੁੱਲਾ ਅਖੁਨਜ਼ਾਦਾ ਨੇ ਇਸ ਫ਼ੈਸਲੇ ਦਾ ਐਲਾਨ ਕੀਤਾ ਹੈ। ਅਮਰੀਕੀ ਅਤੇ ਨਾਟੋ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਅਗਸਤ ਵਿਚ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਨੂੰ ਅੰਤਰਰਾਸ਼ਟਰੀ ਸਹਾਇਤਾ ਬਹਾਲ ਨਹੀਂ ਕੀਤੀ ਗਈ ਹੈ ਅਤੇ ਅਰਥ ਵਿਵਸਥਾ ਡਾਵਾਂਡੋਲ ਹੈ। ਦੇਸ਼ ਵਿਚ ਗ਼ਰੀਬੀ ਵਧ ਰਹੀ ਹੈ।
ਤਾਲਿਬਾਨ ਵੱਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ, ‘ਦੋਵੇਂ ਬਰਾਬਰ ਹੋਣੇ ਚਾਹੀਦੇ ਹਨ। ਕੋਈ ਵੀ ਔਰਤਾਂ ਨੂੰ ਜ਼ਬਰਦਸਤੀ ਜਾਂ ਦਬਾਅ ਨਾਲ ਵਿਆਹ ਕਰਨ ਲਈ ਮਜ਼ਬੂਰ ਨਹੀਂ ਕਰ ਸਕਦਾ ਹੈ।ਤਾਲਿਬਾਨ ਨੇ ਇਹ ਕਦਮ ਸ਼ਾਇਦ ਇਸ ਲਈ ਚੁੱਕਿਆ ਹੈ ਕਿਉਂਕਿ ਵਿਕਸਤ ਦੇਸ਼ਾਂ ਤੋਂ ਮਾਨਤਾ ਪ੍ਰਾਪਤ ਕਰਨ ਅਤੇ ਸਹਾਇਤਾ ਬਹਾਲ ਕਰਨ ਲਈ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕੀਤਾ ਜਾਣਾ ਜ਼ਰੂਰੀ ਹੈ। ਗ਼ਰੀਬ, ਰੂੜੀਵਾਦੀ ਦੇਸ਼ ਵਿਚ ਜ਼ਬਰਦਸਤੀ ਵਿਆਹ ਬਹੁਤ ਪ੍ਰਚਲਿਤ ਹੈ, ਕਿਉਂਕਿ ਅੰਦਰੂਨੀ ਤੌਰ ‘ਤੇ ਵਿਸਥਾਪਿਤ ਲੋਕ ਘੱਟ ਉਮਰ ਵਿਚ ਹੀ ਆਪਣੀਆਂ ਧੀਆਂ ਦਾ ਵਿਆਹ ਪੈਸਿਆਂ ਲਈ ਕਰ ਦਿੰਦੇ ਹਨ।
ਇਨ੍ਹਾਂ ਪੈਸਿਆਂ ਦੀ ਵਰਤੋਂ ਕਰਜ਼ੇ ਦੀ ਅਦਾਇਗੀ ਅਤੇ ਪਰਿਵਾਰਾਂ ਦੀ ਸਹਾਇਤਾ ਲਈ ਕੀਤੀ ਜਾਂਦੀ ਹੈ। ਹੁਕਮ ਵਿਚ ਵਿਆਹ ਲਈ ਘੱਟੋ-ਘੱਟ ਉਮਰ ਦਾ ਜ਼ਿਕਰ ਨਹੀਂ ਹੈ, ਹਾਲਾਂਕਿ ਪਹਿਲਾਂ ਇਹ 16 ਸਾਲ ਨਿਰਧਾਰਤ ਸੀ। ਅਫ਼ਗਾਨਿਸਤਾਨ ਵਿਚ ਦਹਾਕਿਆਂ ਤੋਂ ਔਰਤਾਂ ਨੂੰ ਜਾਇਦਾਦ ਸਮਝਿਆ ਜਾਂਦਾ ਰਿਹਾ ਹੈ। ਕਤਲ ਦੇ ਬਦਲੇ ਜਾਂ ਵਿਵਾਦਾਂ ਜਾਂ ਕਬਾਇਲੀ ਝਗੜਿਆਂ ਨੂੰ ਖ਼ਤਮ ਕਰਨ ਲਈ ਧੀਆਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਉਹ ਇਸ ਪ੍ਰਥਾ ਦੇ ਵਿਰੁੱਧ ਹੈ।ਤਾਲਿਬਾਨ ਨੇ ਇਹ ਵੀ ਕਿਹਾ ਕਿ ਹੁਣ ਵਿਧਵਾ ਨੂੰ ਆਪਣੇ ਪਤੀ ਦੀ ਮੌਤ ਤੋਂ 17 ਹਫ਼ਤਿਆਂ ਬਾਅਦ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਤਾਲਿਬਾਨ ਲੀਡਰਸ਼ਿਪ ਦਾ ਕਹਿਣਾ ਹੈ ਕਿ ਉਸਨੇ ਅਫ਼ਗਾਨ ਅਦਾਲਤਾਂ ਨੂੰ ਔਰਤਾਂ, ਖਾਸ ਕਰਕੇ ਵਿਧਵਾਵਾਂ ਨਾਲ ਨਿਰਪੱਖ ਵਿਵਹਾਰ ਕਰਨ ਦਾ ਹੁਕਮ ਦਿੱਤਾ ਹੈ। ਤਾਲਿਬਾਨ ਦਾ ਇਹ ਵੀ ਕਹਿਣਾ ਹੈ ਕਿ ਉਸਨੇ ਆਪਣੇ ਮੰਤਰੀਆਂ ਨੂੰ ਪੂਰੀ ਆਬਾਦੀ ਤੱਕ ਔਰਤਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ ਹੈ।