ਓਮੀਕ੍ਰੋਨ ਹੁਣ ਤੱਕ ਇਹ ਵੇਰੀਐਂਟ 30 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ। ਓਮੀਕ੍ਰਾਨ ਦੇ ਸਭ ਤੋਂ ਵੱਧ ਕੇਸ ਦੱਖਣੀ ਅਫਰੀਕਾ ਵਿੱਚ ਪਾਏ ਗਏ ਹਨ। ਓਮੀਕ੍ਰੋਨ ਦੇ ਕੇਸ ਇੱਥੇ ਇੱਕ ਦਿਨ ਵਿੱਚ ਦੁੱਗਣੇ ਹੋ ਗਏ ਹਨ। ਜਿਸ ਨਾਲ ਸਥਿਤੀ ਚਿੰਤਾਜਨਕ ਹੋ ਗਈ ਹੈ , ਲੋਕ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਦੱਖਣੀ ਅਫਰੀਕਾ ਵਿੱਚ ਲੈਵਲ ਵਨ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਬਾਜ਼ਾਰ ਬੰਦ ਹਨ, ਸੜਕਾਂ ਸੁੰਨਸਾਨ ਹਨ ਅਤੇ ਲੋਕ ਮੁੜ ਆਪਣੇ ਘਰਾਂ ਵਿੱਚ ਕੈਦ ਹੋਣ ਲਈ ਮਜਬੂਰ ਹਨ।
ਅਮਰੀਕਾ ਵਿੱਚ ਓਮੀਕ੍ਰੋਨ ਦੇ 8 ਮਾਮਲੇ ਮਿਲਣ ਨਾਲ ਹੜਕੰਪ ਮਚ ਗਿਆ ਹੈ। ਪਹਿਲਾ ਕੇਸ ਕੈਲੀਫੋਰਨੀਆ ਵਿੱਚ ਪਾਇਆ ਗਿਆ ਸੀ, ਜਦੋਂ ਕਿ ਓਮੀਕ੍ਰੋਨ ਦੇ 5 ਕੇਸ ਵੀਰਵਾਰ ਨੂੰ ਨਿਊਯਾਰਕ ਵਿੱਚ ਪਾਏ ਗਏ ਸਨ। ਗਵਰਨਰ ਕੈਥੀ ਹੋਚੁਲ ਨੇ ਦੱਸਿਆ ਕਿ ਨਿਊਯਾਰਕ ‘ਚ ਓਮੀਕ੍ਰੋਨ ਦੇ 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ, ਕੋਲੋਰਾਡੋ ਅਤੇ ਮਿਨੇਸੋਟਾ ਵਿੱਚ ਓਮੀਕ੍ਰੋਨ ਵੇਰੀਐਂਟ ਵਿੱਚੋਂ ਇੱਕ-ਇੱਕ ਕੇਸ ਪਾਇਆ ਗਿਆ ਸੀ।
ਦੱਖਣੀ ਅਫ਼ਰੀਕਾ ‘ਚ ਲੌਕਡਾਊਨ ਲੱਗਣ ਨਾਲ ਵਪਾਰੀ ਚਿੰਤਤ ਹਨ। ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਨੁਕਸਾਨ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ‘ਤੇ ਯਾਤਰਾ ਉਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ, ਕੈਨੇਡਾ, ਬ੍ਰਾਜ਼ੀਲ, ਥਾਈਲੈਂਡ, ਆਸਟ੍ਰੇਲੀਆ, ਸਿੰਗਾਪੁਰ ਵਰਗੇ ਕਈ ਦੇਸ਼ ਇਸ ਸੂਚੀ ਵਿੱਚ ਸ਼ਾਮਲ ਹਨ।
ਉੱਧਰ ਇਟਲੀ ਸਰਕਾਰ ਦੇਸ਼ ਵਿਚੋਂ ਕੋਰੋਨਾ ਮਹਾਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਢੰਗ ਅਪਣਾ ਰਹੀ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਇਟਲੀ ਨੂੰ ਕੋਵਿਡ ਮਹਾਮਾਰੀ ਕਰਕੇ ਭਾਰੀ ਖਮਿਆਜਾ ਭੁਗਤਣਾ ਪਿਆ ਸੀ। ਹੁਣ ਇਟਲੀ ਸਰਕਾਰ ਵਲੋਂ ਇਸ ਮਹੀਨੇ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਤਿਆਰ ਕੀਤੀ ਐਂਟੀ ਕੋਵਿਡ ਵੈਕਸੀਨ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।