ਅੰਮ੍ਰਿਤਸਰ, 5 ਦਸੰਬਰ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਪੂਰੀ ਹੋਣ ਤੋਂ ਬਾਅਦ ਵਾਹਗਾ-ਅਟਾਰੀ ਬਾਰਡਰ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਸਿੱਧੂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਜੇਕਰ ਵਾਹਗਾ-ਅਟਾਰੀ ਸਰਹੱਦ ਤੋਂ ਵਪਾਰ ਸ਼ੁਰੂ ਹੁੰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਪੰਜਾਬ ਨੂੰ ਹੋਵੇਗਾ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ-ਪਾਕਿ ਵਪਾਰ ਅਤੇ ਇਨ੍ਹਾਂ 34 ਦੇਸ਼ਾਂ ਦਾ ਦਾਇਰਾ 37 ਬਿਲੀਅਨ ਅਮਰੀਕੀ ਡਾਲਰ ਹੈ। ਇਸ ਸਮੇਂ ਅਸੀਂ ਸਿਰਫ਼ 3 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਕਰ ਰਹੇ ਹਾਂ, ਜੋ ਕਿ ਸੰਭਾਵੀ ਦਾ 5 ਫ਼ੀਸਦੀ ਵੀ ਨਹੀਂ ਹੈ। ਪੰਜਾਬ ਨੂੰ ਪਿਛਲੇ 34 ਮਹੀਨਿਆਂ ਵਿਚ 4,000 ਕਰੋੜ ਦਾ ਨੁਕਸਾਨ ਹੋਇਆ ਹੈ, 15,000 ਨੌਕਰੀਆਂ ਗਈਆਂ ਹਨ। ਸਿੱਧੂ ਨੇ ਕਿਹਾ ਕਿ ਜੇ ਵਪਾਰ ਖੁੱਲ੍ਹਦਾ ਹੈ ਤਾ ਛੇ ਮਹੀਨਿਆਂ ਵਿੱਚ ਪੰਜਾਬ ਸਾਲਾਂ ਬੱਧੀ ਤਰੱਕੀ ਕਰ ਲਵੇਗਾ।
ਭਾਰਤ-ਪਾਕਿਸਤਾਨ ਸਬੰਧਾਂ ‘ਤੇ ਸਿੱਧੂ ਨੇ ਕਿਹਾ ਕਿ ਜੋ ਗਲਤ ਹਨ, ਉਹ ਸਰਹੱਦ ਪਾਰੋਂ ਆਉਂਦੇ ਰਹਿਣਗੇ। ਪਰ ਗਲਤ ਲੋਕਾਂ ਕਾਰਨ ਆਮ ਨਾਗਰਿਕਾਂ ਨੂੰ ਖੱਜਲ-ਖੁਆਰੀ ਨਹੀਂ ਹੋਣੀ ਚਾਹੀਦੀ, ਜੋ ਲੋਕ ਪਾਸਪੋਰਟ ‘ਤੇ ਆਉਣਾ ਚਾਹੁੰਦੇ ਹਨ, ਉਹ ਆਸਾਨੀ ਨਾਲ ਆ ਸਕਣ ਅਤੇ ਵਪਾਰ ਕਰ ਸਕਣ।