ਨਵੀਂ ਦਿੱਲੀ, 5 ਦਸੰਬਰ 2021 – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਗੈਸਟ ਟੀਚਰਾਂ ਨਾਲ ਰਲ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਸਾਹਮਣੇ ਰੋਸ ਧਰਨਾ ਦਿੱਤਾ। ਦਿੱਲੀ ਦੇ ਗੈਸਟ ਟੀਚਰਾਂ ਦੀਆਂ ਮੰਗਾਂ ਨੂੰ ਲੈ ਕੇ ਨਵਜੋਤ ਸਿੱਧੂ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕੇਜਰੀਵਾਲ ਸਰਕਾਰ ਤੇ ਤਿੱਖੇ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ‘ਚ ਪਿਛਲੇ 5 ਸਾਲਾਂ ‘ਚ ਬੇਰੁਜ਼ਗਾਰੀ ਵਧੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਨੇ ਠੇਕੇ ‘ਤੇ ਰੱਖੇ ਅਧਿਆਪਕਾਂ ਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਰਫ਼ ਗੈੱਸਟ ਟੀਚਰਾਂ ਨੂੰ ਰੱਖ ਕੇ ਇਸ ਨੂੰ ਹੋਰ ਬਦਤਰ ਕਰ ਦਿੱਤਾ ਹੈ। ਸਿੱਧੂ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਕੋਲ 1031 ਸਕੂਲ ਹਨ ਜਦੋਂਕਿ ਸਿਰਫ਼ 196 ਸਕੂਲਾਂ ‘ਚ ਪ੍ਰਿੰਸੀਪਲ ਹਨ। 45 ਫ਼ੀਸਦੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ ਸਕੂਲ 22,000 ਗੈੱਸਟ ਟੀਚਰਾਂ ਵੱਲੋਂ 15 ਦਿਨਾਂ ‘ਚ ਠੇਕੇ ਦੇ ਨਵੀਨੀਕਰਨ ਦੇ ਨਾਲ ਦਿਹਾੜੀ ‘ਤੇ ਚਲਾਏ ਜਾਂਦੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ ਪੰਜਾਬ ਦੇ ਅੰਦਰ ਤਾਂ ਲੰਮੇ ਚੌੜੇ ਵਾਅਦੇ ਕਰ ਰਿਹਾ ਹੈ, ਪਰ ਦਿੱਲੀ ਵਿੱਚ ਕੱਚੇ ਅਧਿਆਪਕ ਸੜਕਾਂ ‘ਤੇ ਹਨ, ਜਿਨ੍ਹਾਂ ਦੀ ਕੇਜਰੀਵਾਲ ਸਾਰ ਨਹੀਂ ਲੈ ਰਹੇ। ਨਵਜੋਤ ਸਿੱਧੂ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਕੱਚੇ ਅਧਿਆਪਕਾਂ ਕੋਲੋਂ ਦਿਹਾੜੀ ਕਰਵਾ ਰਿਹਾ ਹੈ ਅਤੇ ਪੰਜਾਬ ਆ ਕੇ ਝੂਠ ਬੋਲ ਰਿਹਾ ਹੈ।