- ਰੱਖਿਆ ਮੰਤਰਾਲਾ 20 ਹਜ਼ਾਰ ਨੌਜਵਾਨਾਂ ਦੀ ਫੌਜੀ ਭਰਤੀ ਲਈ ਲਿਖਤੀ ਪ੍ਰੀਖਿਆ ਤੁਰੰਤ ਲਵੇ: ਭਗਵੰਤ ਮਾਨ
ਚੰਡੀਗੜ੍ਹ/ਨਵੀਂ ਦਿੱਲੀ, 1 ਦਸੰਬਰ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸਰਦ ਰੁੱਤ ਇਜਲਾਸ ਦੌਰਾਨ ਬੁੱਧਵਾਰ ਨੂੰ ਇੱਕ ਵਾਰ ਲੋਕ ਸਭਾ ‘ਚ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬਣ ਕੇ ਉਭਰੇ, ਜਦੋਂ ਉਨਾਂ ਪੰਜਾਬ ਦੇ ਨੌਜਵਾਨਾਂ ਦੀ ਫੌਜ ‘ਚ ਭਰਤੀ ਨਾ ਹੋਣ ਦਾ ਮੁੱਦਾ ਉਠਾਇਆ। ਮਾਨ ਨੇ ਸਦਨ ਵਿੱਚ ਦੇਸ਼ ਦੇ ਰੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਸੂਬੇ ਦੇ ਕਰੀਬ 20 ਹਜ਼ਾਰ ਨੌਜਵਾਨਾਂ ਦੀ ਫੌਜ ‘ਚ ਭਰਤੀ ਪ੍ਰੀਕਿਰਿਆ ਪੂਰੀ ਕਰਨ ਲਈ ਲਿਖਤੀ ਪ੍ਰੀਖਿਆ (ਰਿਟਨ ਟੈਸਟ) ਜਲਦੀ ਤੋਂ ਜਲਦੀ ਕਰਵਾਈ ਜਾਵੇ।
ਪੰਜਾਬ ‘ਚ ਬੇਰੁਜ਼ਗਾਰੀ ਦੇ ਵੱਡੇ ਸੰਕਟ ਦੇ ਮੱਦੇਨਜ਼ਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸਭਾਪਤੀ ਨੂੰ ਰਾਹੀਂ ਸਦਨ ਨੂੰ ਦੱਸਿਆ ਕਿ ਭਾਰਤੀ ਫੌਜ ਵੱਲੋਂ ਸਾਲ 2021 ਦੌਰਾਨ ਪੰਜਾਬ ‘ਚ ਨੌਜਵਾਨਾਂ ਦੀ ਭਰਤੀ ਪ੍ਰੀਕਿਰਿਆ ਸ਼ੁਰੂ ਕੀਤੀ ਗਈ ਸੀ। ਕਰੀਬ 20 ਹਜ਼ਾਰ ਨੌਜਵਾਨਾਂ ਨੇ ਫੌਜ ਭਰਤੀ ਲਈ ਜ਼ਰੂਰੀ ਸਰੀਰਕ ਪ੍ਰੀਖਿਆ (ਫ਼ਿਜ਼ੀਕਲ ਟੈਸਟ) ਵੀ ਪਾਸ ਕਰ ਲਈ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਰੱਖਿਆ ਮੰਤਰਾਲੇ ਵੱਲੋਂ ਲਿਖਤੀ ਪ੍ਰੀਖਿਆ (ਰਿਟਨ ਟੈਸਟ) ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਲਿਖਤੀ ਪ੍ਰੀਖਿਆ ਨਾ ਹੋਣ ਕਾਰਨ ਪੰਜਾਬ ਦੇ ਕਰੀਬ 20 ਹਜ਼ਾਰ ਨੌਜਵਾਨ ਫੌਜ ਵਿੱਚ ਭਰਤੀ ਹੋਣੋ ਰਹਿ ਗਏ ਹਨ। ਮਾਨ ਨੇ ਦੱਸਿਆ ਕਿ ਇੱਕਲੇ ਸੰਗਰੂਰ ਲੋਕ ਸਭਾ ਹਲਕੇ ਵਿੱਚੋਂ ਕਰੀਬ 4 ਹਜ਼ਾਰ ਨੌਜਵਾਨ ਸਰੀਰਕ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਲਿਖਤੀ ਪ੍ਰੀਖਿਆ ਹੋਣ ਦੀ ਉਡੀਕ ਕਰ ਰਹੇ ਹਨ, ਜਿਸ ਕਾਰਨ ਇਨਾਂ ਨੌਜਵਾਨਾਂ ਦੀ ਦੇਸ਼ ਸੇਵਾ ਕਰਨ ਦੀ ਇੱਛਾ ਅਧੂਰੀ ਹੀ ਰਹਿ ਗਈ ਹੈ।
ਭਗਵੰਤ ਮਾਨ ਨੇ ਰੱਖਿਆ ਮੰਤਰਾਲੇ ਤੋਂ ਮੰਗ ਕੀਤੀ ਕਿ ਸਾਲ 2021 ਦੌਰਾਨ ਪੰਜਾਬ ‘ਚ ਸ਼ੁਰੂ ਕੀਤੀ ਫੌਜੀ ਭਰਤੀ ਦੀ ਪ੍ਰੀਕਿਰਿਆ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ ਅਤੇ ਲਟਕਦੀ ਆ ਰਹੀ ਲਿਖਤੀ ਪ੍ਰੀਖਿਆ ਤੁਰੰਤ ਕਰਵਾਈ ਜਾਵੇ ਤਾਂ ਜੋ ਪੰਜਾਬ ਦੇ ਜਿਹੜੇ ਨੌਜਵਾਨ ਸਰੀਰਕ ਪ੍ਰੀਖਿਆ ਪਾਸ ਕਰ ਚੁੱਕੇ ਹਨ ਉਨਾਂ ਨੂੰ ਦੇਸ਼ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਭਾਰਤੀ ਫੌਜ ‘ਚ ਸੇਵਾਵਾਂ ਨਿਭਾਉਣ ਦੀ ਸ਼ੁਰੂ ਤੋਂ ਹੀ ਬੜੀ ਤੀਬਰ ਇੱਛਾ ਰਹੀ ਹੈ। ਜੇਕਰ ਸਰਕਾਰ ਅਧੂਰੀ ਪਈ ਭਰਤੀ ਪ੍ਰੀਕਿਰਿਆ ਸਮੇਂ ਸਿਰ ਪੂਰੀ ਨਹੀਂ ਕਰਦੀ ਤਾਂ ਹਜ਼ਾਰਾਂ ਨੌਜਵਾਨ ਉਮਰ ਦੀ ਨਿਰਧਾਰਤ ਸੀਮਾ ਪਾਰ ਕਰ ਜਾਣਗੇ ਅਤੇ ਉਨਾਂ ਦਾ ਸੁਪਨਾ ਹਮੇਸ਼ਾਂ ਲਈ ਟੁੱਟ ਜਾਵੇਗਾ।