ਚੰਡੀਗੜ੍ਹ: ਅੱਜ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ 26 ਮ੍ਰਿਤਕ ਸਟਾਫ਼ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਪੱਤਰ ਸੌਂਪੇ ਇਸ ਮੌਕੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਦੁੱਖ ਦੀ ਘੜੀ ਵਿੱਚ ਅਜਿਹੇ ਪਰਿਵਾਰਾਂ ਦੀ ਮਦਦ ਕਰਨਾ ਸਰਕਾਰ ਦਾ ਨੈਤਿਕ ਫਰਜ਼ ਹੈ। ਜ਼ਿਕਰਯੋਗ ਹੈ ਕਿ ਅੱਜ ਇਕ ਮਿਸਟ੍ਰੈਸ, 7 ਕਲਰਕ, 4 ਐਸ.ਐਲ.ਏ., 12 ਸੇਵਾਦਾਰ ਤੇ 2 ਚੌਕੀਦਾਰ ਅਹੁਦਿਆਂ ਲਈ ਨਿਯੁਕਤੀ ਪੱਤਰ ਸੌਂਪੇ ਗਏ।
ਇਸ ਮੌਕੇ ਪਰਗਟ ਸਿੰਘ ਨੇ ਅਧਿਕਾਰੀਆਂ ਨੂੰ ਮ੍ਰਿਤਕ ਮੁਲਾਜ਼ਮਾਂ ਦੇ ਯੋਗ ਵਾਰਸਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀਆਂ ਦੇਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਇਸ ਲਈ ਸਮਾਂ ਸੀਮਾ ਹੋਰ ਘੱਟ ਕੀਤੀ ਜਾਵੇ।ਇਸ ਦੌਰਾਨ ਕੁਝ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਫੀਡਬੈਕ ਲੈਂਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਨੌਕਰੀ ਹਾਸਲ ਕਰਨ ਲਈ ਕੋਈ ਮੁਸ਼ਕਲਾ ਹੋਈ ਜਾਂ ਕਿੰਨ ਸਮਾਂ ਲੱਗਿਆ। ਇਸ ਗੱਲਬਾਤ ਉਤੇ ਤਸੱਲੀ ਪ੍ਰਗਟਾਉਂਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਤਸੱਲੀ ਹੋਈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਵਿਭਾਗ ਹਮਦਰਦੀ ਨਾਲ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਸੁਚਾਰੂ ਬਣਾਉਣ ਦੀ ਲੋੜ ਹੈ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਕੋਈ ਮੁਸ਼ਕਲ ਨਾ ਆਵੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਕਾਰਨ ਇਨ੍ਹਾਂ ਲਾਭਪਾਤਰੀਆਂ ਨੂੰ ਪਹਿਲਾਂ ਹੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਦੁਖੀ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਵਧਾਉਣ ਦੀ ਬਜਾਏ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਦੇ ਸਦਮੇ ਤੋਂ ਉਭਰ ਸਕਣ।
ਸਿੱਖਿਆ ਮੰਤਰੀ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਆਪਣੇ ਦੇਸ਼ ਅਤੇ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਨਵੀਂ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਪਰਗਟ ਸਿੰਘ ਨੇ ਨਵੇਂ ਨਿਯੁਕਤ ਉਮੀਦਵਾਰਾਂ ਲਈ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਸੌਂਪੇ ਗਏ ਹਨ, ਉਨ੍ਹਾਂ ਵਿੱਚ ਪਰਮਿੰਦਰ ਕੌਰ (ਪੰਜਾਬੀ ਮਿਸਟ੍ਰੈਸ), ਨੀਤੂ ਸ਼ਰਮਾ, ਸ਼ੁਭਮ ਸੇਠੀ, ਤੇ ਕੁਲਜੀਤ (ਕਲਰਕ), ਬੀਰਕਰਨ ਸਿੰਘ, ਨਵਜੋਤ ਕੌਰ, ਗੀਤਾ ਗਿੱਲ ਤੇ ਕਾਸ਼ਵੀਰ ਰੰਧਾਵਾ (ਐਸ.ਐਲ.ਏ.) ਸਤਵਿੰਦਰ ਕੌਰ, ਕੋਮਲ ਸ਼ਰਮਾ, ਪਰਦੀਪ ਕੁਮਾਰ, ਅਮਨਦੀਪ ਸਿੰਘ, ਰੁਚਿਕਾ ਬੈਂਸ, ਰਾਜਿੰਦਰ ਕੌਰ, ਹੈਰਿਸ, ਮਨਪ੍ਰੀਤ ਸਿੰਘ, ਗੁਰਮੀਤ ਰਾਮ, ਨਿਸ਼ਾਂਤ ਸ਼ਰਮਾ, ਗੁਰਜੀਤ ਕੌਰ ਤੇ ਕੁਲਵਿੰਦਰ ਕੌਰ (ਸੇਵਾਦਾਰ) ਅਤੇ ਐਂਡੀ ਤੇ ਅਰਜੁਨ ਕੁਮਾਰ (ਚੌਕੀਦਾਰ) ਸ਼ਾਮਲ ਸਨ।