ਜਲੰਧਰ: ਨਿਊ ਰਾਜ ਨਗਰ ਸਥਿਤ ਇਕ ਔਰਤ ਨੇ ਆਪਣੇ ਪਤੀ ਤੋਂ ਤੰਗ ਆ ਕੇ ਆਪਣੇ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਔਰਤ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਔਰਤ ਦਾ ਕਾਫ਼ੀ ਦੇਰ ਤੋਂ ਪਤੀ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਸੀ। ਮਾਮਲੇ ਨੂੰ ਲੈ ਕੇ ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਮੁਲਜ਼ਮ ਪਤੀ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਨਿਊ ਰਾਜ ਨਗਰ ਦੀ ਰਹਿਣ ਵਾਲੀ ਰੇਖਾ ਨੇ ਆਪਣੇ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਜਿਸ ਵੇਲੇ ਇਹ ਘਟਨਾ ਵਾਪਰੀ ਉਸ ਸਮੇਂ ਮ੍ਰਿਤਕਾ ਦਾ ਪਤੀ ਆਪਣੀ ਦੁਕਾਨ ’ਤੇ ਸੀ। ਔਰਤ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਪਤਾ ਸਭ ਤੋਂ ਪਹਿਲਾਂ ਗੁਆਂਢ ’ਚ ਰਹਿੰਦੇ ਉਸ ਦੇ ਦਿਓਰ ਨੂੰ ਲੱਗਿਆ, ਜੋ ਘਰ ਕਿਸੇ ਕੰਮ ਆਇਆ ਸੀ। ਉਸ ਨੇ ਜਦੋਂ ਵੇਖਿਆ ਕਿ ਉਸ ਦੀ ਭਾਬੀ ਅਤੇ ਬੱਚੇ ਤਿੰਨੋਂ ਜ਼ਮੀਨ ’ਤੇ ਡਿੱਗੇ ਹੋਏ ਹਨ ਅਤੇ ਮੂੰਹ ’ਚੋਂ ਝੱਗ ਨਿਕਲ ਰਹੀ ਹੈ ਤਾਂ ਉਸ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਬੁਲਾ ਕੇ ਐਂਬੂਲੈਂਸ ਨੂੰ ਫੋਨ ਕੀਤਾ। ਐਂਬੂਲੈਂਸ ਰਾਹੀਂ ਤਿੰਨਾਂ ਨੂੰ ਕਪੂਰਥਲਾ ਰੋਡ ਸਥਿਤ ਨਿੱਜੀ ਹਸਪਤਾਲ ਲਿਜਾਇਆ ਗਿਆ।
ਹਸਪਤਾਲ ਲਿਜਾਣ ਦੌਰਾਨ ਰਸਤੇ ਵਿਚ ਹੀ ਰੇਖਾ ਦੀ ਮੌਤ ਹੋ ਚੁੱਕੀ ਸੀ, ਜਦਕਿ ਉਸ ਦੇ ਪੁੱਤਰ ਗੌਰਵ ਦੀ ਹਸਪਤਾਲ ਪਹੁੰਚਣ ਦੇ ਇਕ ਘੰਟੇ ਬਾਅਦ ਮੌਤ ਹੋ ਗਈ। ਰੇਖਾ ਦੀ ਛੋਟੀ ਬੇਟੀ ਮੰਨਤ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਵੱਲੋਂ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਰੇਖਾ ਦੀ ਭੈਣ ਰੇਣੂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਪਤੀ ਨਾਲ ਰੇਖਾ ਦਾ ਕਾਫ਼ੀ ਵਿਵਾਦ ਚੱਲ ਰਿਹਾ ਸੀ। ਉਸ ਨੇ ਪੁਲਸ ਤੋਂ ਮੰਗ ਕੀਤੀ ਕਿ ਰੇਖਾ ਦੇ ਮੁਲਜ਼ਮ ਪਤੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।ਉਥੇ ਹੀ, ਮ੍ਰਿਤਕਾ ਰੇਖਾ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਨ੍ਹਾਂ ਦੇ ਜਵਾਈ ਦਿਲੀਪ ਵੱਲੋਂ ਰੇਖਾ ਨੂੰ ਇਸ ਹੱਦ ਤੱਕ ਤੰਗ ਕੀਤਾ ਗਿਆ ਕਿ ਉਸ ਨੂੰ ਉਕਤ ਕਦਮ ਚੁੱਕਣਾ ਪਿਆ।