ਕੋਰੋਨਾ ਵਾਇਰਸ ਦੀ ਲਾਗ ਦਾ ਨਵਾਂ ਰੂਪ ਓਮੀਕ੍ਰੋਨ ਵਿਸ਼ਵ ਭਰ ਵਿੱਚ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। 29 ਨਵੰਬਰ ਨੂੰ ਪੰਜਾਬ ‘ਚ 325 ਐਕਟਿਵ ਕੇਸ ਸਨ, ਜੋ 3 ਦਸੰਬਰ ਤੱਕ ਵੱਧ ਕੇ 344 ਹੋ ਗਏ ਹਨ। ਇਸ ਮਹਾਮਾਰੀ ਕਾਰਨ ਰੇਲ ਵਿਭਾਗ ਚੌਕਸ ਹੋ ਗਿਆ ਹੈ। ਉਚ ਅਧਿਕਾਰੀਆਂ ਨੇ ਮੀਟਿੰਗ ਕਰ ਇਕ ਕੋਰ ਕਮੇਟੀ ਬਣਾਈ ਹੈ ਜੋ ਨਾਰਦਨ ਰੇਲਵੇ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਓਮੀਕ੍ਰੋਨ ਖਤਰਨਾਕ ਵਾਇਰਸ ਨਾਲ ਨਜਿੱਠਣ ਲਈ ਰੇਲਵੇ ਨੇ ਕਈ ਯੋਜਨਾਵਾਂ ਵੀ ਬਣਾ ਲਈਆਂ ਹਨ। ਇਨ੍ਹਾਂ ਯੋਜਨਾਵਾਂ ਤਹਿਤ ਰੇਲਵੇ ਵੱਲੋਂ ਕੋਵਿਡ-19 ਤੋਂ ਬਚਾਅ ਲਈ ਜੋ ਮਾਪਦੰਡ ਅਪਣਾਏ ਗਏ ਸੀ ਉਨ੍ਹਾਂ ’ਚ ਹੋਰ ਵਾਧਾ ਕਰਦੇ ਹੋਏ ਰੇਲ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕੋਵਿਡ-19 ਦੌਰਾਨ ਰੇਲ ਯਾਤਰੀ ਥੋੜ੍ਹਾ ਬਹੁਤ ਲਾਪਰਵਾਹੀ ਵੀ ਕਰ ਰਹੇ ਸੀ ਤੇ ਰੇਲ ਮੈਨੇਜਮੈਂਟਸ ਨੂੰ ਨਜ਼ਰਅੰਦਾਜ਼ ਵੀ ਕਰ ਦਿੰਦੇ ਸੀ ਪਰ ਇਸ ਬਿਮਾਰੀ ਤੋਂ ਬਚਾਅ ਲਈ ਰੇਲਵੇ ਨੇ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੇ ਪਹੁੰਚਣ ’ਤੇ ਸਰੀਰਕ ਦੂਰੀ, ਸੈਨੇਟਾਈਜ਼ਰ ਸਿਸਟਮ, ਮਾਸਕ ਲਾਉਣ ਦਾ ਸਖਤ ਨਿਰਦੇਸ਼ ਤੇ ਲਾਪਰਵਾਹੀ ਕਰਨ ਵਾਲੇ ਯਾਤਰੀਆਂ ਨੂੰ 500 ਤੋਂ ਲੈ ਕੇ 3000 ਤਕ ਦੇ ਜੁਰਮਾਨੇ ਨਾਲ ਕੈਦ ਦੀ ਸਜ਼ਾ ਦੀ ਵੀ ਵਿਵਸਥਾ ਹੈ।ਉਥੇ ਹੀ, ਰੇਲ ਸੂੁਤਰ ਦੱਸਦੇ ਹਨ ਕਿ ਮਹਾਮਾਰੀ ਓਮੀਕ੍ਰੋਨ ਨੂੰ ਲੈ ਕੇ ਤਕਰੀਬਨ ਸਾਰੀਆਂ ਟ੍ਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਰੇਲ ਮੰਡਲ ਦੇ ਅਧੀਨ ਆਉਣ ਵਾਲੇ ਮੁੱਖ ਸਟੇਸ਼ਨਾਂ ਤੋਂ ਆਵਾਜਾਈ ਕਰਨ ਵਾਲੀਆਂ ਕਰੀਬ ਦੋ ਦਰਜਨ ਟ੍ਰੇਨਾਂ ਨੂੰ ਹੁਣ ਤਕ ਰੱਦ ਕੀਤਾ ਜਾ ਚੁੱਕਾ ਹੈ। ਟ੍ਰੇਨਾਂ ਨੂੰ 3 ਮਹੀਨਿਆਂ ਲਈ ਰੱਦ ਹੋਣ ਦਾ ਵੀ ਜ਼ੋਰਦਾਰ ਸੰਕੇਤ ਦੇ ਰਿਹਾ ਹੈ ਕਿ ਰੇਲਵੇ ਨੇ ਧੁੰਦ ਦੇ ਨਾਂ ’ਤੇ ਬਿਮਾਰੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਓਮੀਕ੍ਰੋਨ ਮਹਾਮਾਰੀ ਦੇਸ਼ ’ਚ ਨਾ ਫੈਲੇ ਇਸਦੇ ਲਈ ਰੇਲਵੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਦਮ ਚੁੱਕ ਰਹੀ ਹੈ।