ਫਿਰੋਜ਼ਪੁਰ ਛਾਉਣੀ ਦੀ ਚੁੰਗੀ ਨੰ: 1 ਝੋਕ ਰੋਡ ਨੇੜੇ ਥ੍ਰੀ-ਵੀਲਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ’ਤੇ ਜਾ ਰਹੇ 3 ਨੌਜਵਾਨ ਜ਼ਖ਼ਮੀ ਹੋ ਗਏ।ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਛਾਉਣੀ ਦੀ ਪੁਲਸ ਨੇ ਥ੍ਰੀ-ਵੀਲਰ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਮਾਸੀ ਦੇ ਮੁੰਡੇ ਗੌਤਮ ਉਮਰ 20 ਸਾਲ ਪੁੱਤਰ ਅਮਰ ਚੰਦ ਵਾਸੀ ਬਤੀ ਟੈਕਾਂ ਵਾਲੀ ਨੂੰ ਮਿਲਣ ਲਈ ਗਿਆ ਸੀ। ਉਥੇ ਉਸਦੇ ਮਾਮੇ ਦਾ ਮੁੰਡਾ ਸੁਨੀਲ ਪੁੱਤਰ ਬੁੱਧਰਾਮ ਵਾਸੀ ਤਾਰਾਨਗਰ ਚੁਰੂ ਰਾਜਸਥਾਨ ਵੀ ਮਿਲਣ ਲਈ ਆਇਆ ਹੋਇਆ ਸੀ।
ਸ਼ਿਕਾਇਤਕਰਤਾ ਅਨੁਸਾਰ ਸ਼ਾਮ ਕਰੀਬ 6:30 ਵਜੇ ਉਸਦੇ ਮਾਮੇ ਦਾ ਮੁੰਡਾ ਸੁਨੀਲ ਅਤੇ ਮਾਸੀ ਦਾ ਮੁੰਡਾ ਗੌਤਮ ਅਤੇ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਝੋਕ ਹਰੀ ਹਰ ਨੂੰ ਜਾ ਰਹੇ ਸੀ।ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਚੁੰਗੀ ਨੰਬਰ ਇਕ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਬਿਨਾ ਲਾਈਟ ਅਤੇ ਲਾਪਰਵਾਹੀ ਨਾਲ ਆ ਰਹੇ ਥ੍ਰੀ ਵੀਲਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਆਪਣਾ ਥ੍ਰੀ ਵੀਲਰ ਮਾਰ ਦਿੱਤਾ। ਇਸ ਹਾਦਸੇ ’ਚ ਉਹ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਸ਼ਹਿਰ ਦੇ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਗੌਤਮ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।