ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੀਤੇ ਦਿਨ ਸ਼ੁੱਕਰਵਾਰ ਨੂੰ ਕਾਂਗਰਸ ‘ਚ ਸ਼ਾਮਿਲ ਹੋਣ ਦੀ ਖ਼ਬਰ ਤੋਂ ਬਾਅਦ ਉਹਨਾਂ ਦੇ ਜ਼ਿਆਦਾਤਰ ਫੈਨਜ਼ ਖਫ਼ਾ ਨਜ਼ਰ ਆ ਰਹੇ ਹਨ ਜਿਸ ਤੋਂ ਬਾਅਦ ਸ਼ਨੀਵਾਰ ਨੂੰ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ ਤੇ ਲਾਈਵ ਹੋਏ ਅਤੇ ਆਪਣਾ ਪੱਖ ਰੱਖਿਆ ।
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੋਕ ਮੂਸੇਵਾਲਾ ਨੂੰ ਗੱਦਾਰ ਕਹਿ ਰਹੇ ਸਨ। ਜਿਸ ਤੇ ਪ੍ਰਤੀਕਿਰਿਆ ਦਿੰਦਿਆਂ ਮੂਸੇਵਾਲਾ ਨੇ ਕਿਹਾ ਕਿ ਕੱਲ੍ਹ ਤੋਂ ਮੈਨੂੰ ਕਾਫੀ ਤਾਰੀਫ ਅਤੇ ਸਰਟੀਫਿਕੇਟ ਮਿਲ ਰਹੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਮੈਂ ਦੇਸ਼ ਧ੍ਰੋਹੀ ਹਾਂ ਤਾਂ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਜਿਨ੍ਹਾਂ ਨੇ ਪੰਜਾਬ ਵਿੱਚ 3 ਵਾਰ ਕਾਂਗਰਸ ਦੀ ਸਰਕਾਰ ਬਣਾਈ, ਕੀ ਉਹ ਦੇਸ਼ ਧ੍ਰੋਹੀ ਨਹੀਂ ਹਨ ? ਮੂਸੇਵਾਲਾ ਨੇ ਕਿਹਾ ਕਿ ਲੋਕ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਜਿਹੜੇ ਲੋਕ ਪੰਜਾਬ ਵਿੱਚ ਪੰਥਕ ਬਣ ਕੇ ਬੈਠੇ ਹਨ, ਉਹ ਵੀ ਇਸ ਕਤਲੇਆਮ ਲਈ ਜ਼ਿੰਮੇਵਾਰ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਡਾ: ਮਨਮੋਹਨ ਸਿੰਘ ਨੂੰ ਤੁਸੀਂ ਕੀ ਕਹੋਗੇ? ਵਿਅਰਥ ਪ੍ਰਚਾਰ ਨਾ ਕਰੋ। ਸਿੱਖ ਕਤਲੇਆਮ ‘ਤੇ ਸਿਆਸਤ ਕਰਨ ਵਾਲੇ ਸਭ ਤੋਂ ਵੱਡੇ ਗੱਦਾਰ ਹਨ।
ਸੋਸ਼ਲ ਮੀਡੀਆ ‘ਤੇ ਲਾਈਵ ਹੋਏ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਕੋਈ ਸਪੱਸ਼ਟੀਕਰਨ ਦੇਣ ਜਾਂ ਸੱਚ ਬੋਲਣ ਨਹੀਂ ਆਇਆ। ਮੈਨੂੰ ਇਹ ਸਭ ਪਹਿਲਾਂ ਹੀ ਪਤਾ ਸੀ। 4 ਸਾਲਾਂ ਤੋਂ ਮੈਂ ਸਿਰਫ ਨਕਾਰਾਤਮਕਤਾ ਦੇਖੀ ਹੈ। ਮੈਨੂੰ ਪਤਾ ਸੀ ਕਿ ਅਜਿਹਾ ਹੋਵੇਗਾ। ਮੈਂ ਲੋਕਾਂ ਦੇ ਭਲੇ ਲਈ ਕਾਂਗਰਸ ਵਿੱਚ ਸ਼ਾਮਲ ਹੋਇਆ ਹਾਂ।
ਦਸ ਦਈਏ ਕਿ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਰਾਹੁਲ ਗਾਂਧੀ ਨਾਲ ਦਿੱਲੀ ‘ਚ ਮੁਲਾਕਾਤ ਕੀਤੀ ਇਸ ਸਮੇਂ ਉਨ੍ਹਾਂ ਨਾਲ ਨਵਜੋਤ ਸਿੱਧੂ, ਇੰਚਾਰਜ ਹਰੀਸ਼ ਚੌਧਰੀ ਅਤੇ ਰਾਜਾ ਵੜਿੰਗ ਵੀ ਹਾਜ਼ਰ ਰਹੇ।