ਪ੍ਰਵਾਸੀ ਮਜ਼ਦੂਰਾਂ ਖਿਲਾਫ ਪੰਜਾਬ ਦੀਆਂ ਪੰਚਾਇਤਾਂ ਵਿਚ ਮਤੇ ਪਾਉਣ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ। ਬਠਿੰਡਾ, ਹੁਸ਼ਿਆਰਪੁਰ ਦੇ ਪਿੰਡਾਂ ਮਗਰੋਂ ਹੁਣ ਬਰਨਾਲਾ ਦੇ ਪਿੰਡ ਕੱਟੂ ਦੀ ਪੰਚਾਇਤ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਨੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਮਤਾ ਪਾਸ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜ਼ਿਮੀਦਾਰ ਤੇ SC ਭਾਈਚਾਰੇ ਦੇ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਾਪਰਟੀ ਨਹੀੰ ਵੇਚਣਗੇ। ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਤੇ ਪਹਿਚਾਣ ਪੱਤਰ ਨਹੀਂ ਬਣਾਏ ਜਾਣਗੇ।
ਇਸ ਦੇ ਨਾਲ ਹੀ ਪੰਚਾਇਤ ਨੇ ਹੋਰ ਵੀ ਕਈ ਫੈਸਲੇ ਲਏ ਹਨ, ਜਿਸ ਵਿਚ ਪਿੰਡ ਦੇ ਰਹਿਣ ਵਾਲੇ ਮੁੰਡਾ-ਕੁੜੀ ਵੱਲੋਂ ਆਪਸ ‘ਚ ਵਿਆਹ ਕਰਾਉਣ ‘ਤੇ ਵੀ ਬਾਈਕਾਟ ਕੀਤਾ ਜਾਵੇਗਾ। ਪਿੰਡ ਵਿਚ ਕਿਸੇ ਵੀ ਤਰ੍ਹਾਂ ਦੀ ਚੋਰੀ ਕਰਨ ਵਾਲੇ ਜਾਂ ਫਿਰ ਨਸ਼ਾ ਕਰਨ ਵਾਲੇ, ਵੇਚਣ ਵਾਲੇ ਜਾਂ ਉਸ ਦਾ ਸਾਥ ਦੇਣ ਵਾਲੇ ਨੂੰ ਜੁਰਮਾਨਾ ਲਾਇਆ ਜਾਵੇਗਾ ਤੇ ਸਜ਼ਾ ਵੀਦਿੱਤੀ ਜਾਵੇਗੀ। ਪੰਚਾਇਤ ਦਾ ਫੈਸਲਾ ਨਾ ਮੰਨਣ ਵਾਲੇ ਵਿਅਕਤੀਆਂ ਦਾ ਵੀ ਬਾਈਕਾਟ ਕੀਤਾ ਜਾਵੇਗਾ।
ਦੱਸ ਦੇਈਏ ਕਿ ਹਾਲ ਹੀ ਵਿਚ ਹੁਸ਼ਿਆਰਪੁਰ ਵਿਚ 5 ਸਾਲ ਦੇ ਮਾਸੂਮ ਦੇ ਅਗਵਾ ਤੇ ਕਤਲ ਮਗਰੋਂ ਲੋਕਾਂ ਵਿਚ ਪ੍ਰਵਾਸੀਆਂ ਖਿਲਾਫ ਗੁੱਸਾ ਭੜਕ ਗਿਆ ਹੈ, ਜਿਸ ਮਗਰੋਂ ਕਈ ਪਿੰਡਾਂ ਨੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਮਤੇ ਪਾਏ ਹਨ। ਹੁਸ਼ਿਆਰਪੁਰ ਦੇ ਬਲਾਕ 2 ਵਿਚ 25 ਪਿੰਡਾਂ ਦੀਆਂ ਪੰਚਾਇਤਾਂ ਨੇ ਸਾਂਝੇ ਤੌਰ ‘ਤੇ ਇਸ ਸਬੰਧੀ ਅਹਿਮ ਮਤੇ ਪਾਸ ਕੀਤੇ, ਜਿਸ ਵਿਚ ਪ੍ਰਵਾਸੀਆਂ ਦਾ ਕੋਈ ਵੀ ਦਸਤਾਵੇਜ਼ ਰਿਕਾਰਡ ਨਾ ਬਣਾਉਣ, ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡੋਂ ਬਾਹਰ ਕਰਨ ਤੇ ਉਨ੍ਹਾਂ ਨੂੰ ਇਥੇ ਜ਼ਮੀਨ ਨਾ ਦੇਣ ਆਦਿ ਵਰਗੇ ਮੁੱਦੇ ਸ਼ਾਮਲ ਹਨ।