ਬੰਗਾਲ ਦੀ ਖਾੜੀ ਤੋਂ ਮੁੜ ਉੱਭਰ ਰਿਹਾ ਚੱਕਰਵਾਤੀ ਤੂਫ਼ਾਨ ਜਵਾਦ ਭਲਕੇ ਮਤਲਬ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਏਗਾ। ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਵਿਚ ਤੇਜ਼ ਹਵਾ ਨਾਲ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਚੱਕਰਵਾਤੀ ਤੂਫ਼ਾਨ ‘ਜਵਾਦ’ ਦੇ ਖ਼ਤਰੇ ਨੂੰ ਵੇਖਦੇ ਹੋਏ ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ 3 ਅਤੇ 4 ਦਸੰਬਰ ਨੂੰ 53 ਲੰਬੀ ਦੂਰੀ ਦੀਆਂ ਟਰੇਨਾਂ ਨੂੰ ਰੱਦ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸ਼ੁੱਕਰਵਾਰ ਤੋਂ ਹਾਵੜਾ-ਸਿਕੰਦਰਾਬਾਦ ਫਲਕਨਾਮਾ ਐਕਸਪ੍ਰੈੱਸ, ਹਾਵੜਾ-ਹੈਦਰਾਬਾਦ ਪੱਛਮੀ ਤੱਟ, ਹਾਵੜਾ-ਐੱਮ. ਜੀ. ਆਰ. ਚੇਨਈ ਸੈਂਟਰਲ ਕੋਰੋ ਮੰਡਲ ਐਕਸਪ੍ਰੈੱਸ, ਸੰਤਰਾਗਾਚੀ-ਐੱਮ. ਜੀ. ਆਰ. ਚੇਨਈ ਸੈਂਟਰਲ ਐਕਸਪ੍ਰੈੱਸ, ਹਾਵੜਾ-ਯਸ਼ਵੰਤਪੁਰ, ਵਾਸਕੋਡਿਗਾਮਾ-ਹਾਵੜਾ ਐਕਸਪ੍ਰੈੱਸ, ਤਿਰੁਚਿਰਾਪੱਲੀ-ਹਾਵੜਾ ਐਕਸਪ੍ਰੈੱਸ ਟਰੇਨਾਂ ਰੱਦ ਰਹਿਣਗੀਆਂ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਜਵਾਦ ਤੂਫ਼ਾਨ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਸ਼ਨੀਵਾਰ ਸਵੇਰੇ ਹਵਾ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟੇ ਤਕ ਹੋ ਸਕਦੀ ਹੈ।
ਇਸ ਕਾਰਨ ਆਂਧਰਾ ਪ੍ਰਦੇਸ਼, ਉੜੀਸਾ ਤੇ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।ਜਵਾਦ ਦੇ ਖਤਰੇ ਦੇ ਮੱਦੇਨਜ਼ਰ, ਉੜੀਸ਼ਾ ਦੇ ਚਾਰ ਜ਼ਿਲ੍ਹਿਆਂ – ਗਜਪਤੀ, ਗੰਜਮ, ਪੁਰੀ ਤੇ ਜਗਤਸਿੰਘਪੁਰ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਬਾਕੀ 7 ਜ਼ਿਲ੍ਹਿਆਂ – ਕੇਂਦਰਪਾੜਾ, ਕਟਕ, ਖੁਰਦਾ, ਨਯਾਗੜ੍ਹ, ਕੰਧਮਾਲ, ਰਾਏਗੜਾ, ਕੋਰਾਪੁਟ ਜ਼ਿਲ੍ਹੇ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।ਸੋਮਵਾਰ ਤੱਕ ਮਛੇਰਿਆਂ ਅਤੇ ਸੈਲਾਨੀਆਂ ਨੂੰ ਸਮੁੰਦਰ ਨੇੜੇ ਜਾਣ ਦੀ ਮਨਾਹੀ ਹੈ। ਭਾਰਤ ਮੌਸਮ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ ਚੱਕਰਵਾਤ ਜਵਾਦ ਦੇ 160 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਹਵਾ ਦੀ ਰਫ਼ਤਾਰ ਨਾਲ ਇਕ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਰੂਪ ਵਿਚ ਤੱਟੀ ਓਡੀਸ਼ਾ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।