June 26, 2026, 12:42 am
----------- Advertisement -----------
HomeNewsLatest Newsਸਿੰਘ ਸਭਾ ਲਹਿਰ ਦੀ ਸਥਾਪਨਾ ਦੇ 150ਵੇਂ ਵਰ੍ਹੇ ਨੂੰ ਸਮਰਪਿਤ ਸ਼ਹੀਦੀ ਸਾਕਾ...

ਸਿੰਘ ਸਭਾ ਲਹਿਰ ਦੀ ਸਥਾਪਨਾ ਦੇ 150ਵੇਂ ਵਰ੍ਹੇ ਨੂੰ ਸਮਰਪਿਤ ਸ਼ਹੀਦੀ ਸਾਕਾ ਨਨਕਾਣਾ ਸਾਹਿਬ ‘ਤੇ ਸੈਮੀਨਾਰ ਕਰਵਾਇਆ ਗਿਆ

Published on

----------- Advertisement -----------

21 ਫਰਵਰੀ 2023 (ਚੰਡੀਗੜ੍ਹ) : ਪੰਥਕ ਤਾਲਮੇਲ ਸੰਗਠਨ ਵਲੋਂ ਸਾਲਾਨਾ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਭਾਈ ਲਾਲੋ ਕਿਰਤ ਟਕਸਾਲ ਅਤੇ ਗੁਰਮਤਿ ਅਧਿਐਨ ਕੇਂਦਰ, ਬੁੱਢੇਵਾਲ ਵਿਖੇ ਗਿਆਨ ਟਰੱਸਟ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿਚ ਪੰਜਾਬੋਂ, ਚੰਡੀਗੜ੍ਹ ਅਤੇ ਹਿਮਾਚਲ ਤੋਂ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ। ਆਯੋਜਿਤ ਸੈਮੀਨਾਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਸੈਮੀਨਾਰ ਦੌਰਾਨ ਸਿੰਘ ਸਭਾ ਲਹਿਰ ਦੇ ਇਤਿਹਾਸ’ਤੇ ਚਾਨਣਾ ਪਾਉਂਦਾ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ। ਕੈਲੰਡਰ ਰਚੈਤਾ ਗੁਰਪੁਰਵਾਸੀ ਪਾਲ ਸਿੰਘ ਪੁਰੇਵਾਲ ਵਲੋਂ ਸਿੱਖ ਕੌਮ ਦੇ ਨਿਆਰੇਪਨ ਤੇ ਚੜ੍ਹਦੀ ਕਲਾ ਲਈ ਵਿਦਵਤਾ ਭਰਪੂਰ ਨਿਭਾਈ ਸੇਵਾ ਦੀ ਸਰਾਹਨਾ ਕੀਤੀ ਗਈ ਅਤੇ ਕੈਲੰਡਰ ਦੀ ਤਕਨੀਕੀ ਅਹਿਮੀਅਤ ਨੂੰ ਸਾਂਝਾ ਕੀਤਾ ਗਿਆ।

ਸਿੰਘ ਸਭਾ ਲਹਿਰ ਦੇ ਪਿਛੋਕੜ ਅਤੇ ਲਹਿਰ ਦੀ ਦੇਣ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਲਹਿਰ ਨੇ ਸਿੱਖ ਧਰਮ ਦੇ ਸੁਤੰਤਰ ਵਜੂਦ ਤੇ ਮੌਲਿਕ ਸਰੂਪ ਦੀ ਪਛਾਣ ਨਵੀਨ ਚੇਤਨਤਾ ਤੇ ਵਿਗਿਆਨਕ ਢੰਗ ਨਾਲ ਕਰਵਾਉਣ ਵਿਚ ਮਿਸਾਲੀ ਯੋਗਦਾਨ ਪਾਇਆ। ਅੱਜ ਦੀਆਂ ਵਿਭਿੰਨ ਤੇ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਵੀ ਇਹ ਲਹਿਰ ਰਾਹ-ਦਸੇਰਾ ਹੈ ਅਤੇ ਇਸ ਦੀ ਖਾਸ ਪ੍ਰਸੰਗਿਕਤਾ ਹੈ।
ਸੈਮੀਨਾਰ ਦੀ ਭੂਮਿਕਾ ਬੰਨਦਿਆਂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਸਿੰਘ ਸਭਾ ਲਹਿਰ ਵਲੋਂ ਵਿਦਿਅਕ ਸੰਸਥਾਵਾਂ, ਮਾਂ ਬੋਲੀ ਅਤੇ ਗੁਰਬਾਣੀ ਦੀ ਕਸਵੱਟੀ’ਤੇ ਸਿੱਖ ਸਾਹਿਤ ਦੀ ਪਰਖ ਪ੍ਰਤੀ ਨਿਭਾਈ ਮਾਣ-ਮੱਤੀ ਭੂਮਿਕਾ ਪ੍ਰਤੀ ਬੋਲਦਿਆਂ ਕਿਹਾ ਕਿ ਅੱਜ ਬਹੁਤਾਤ ਸਿੰਘ ਸਭਾ ਗੁਰਦੁਆਰੇ ਅਤੇ ਸਿੱਖ ਵਿਦਿਅਕ ਸੰਸਥਾਵਾਂ ਲਹਿਰ ਦੇ ਅਮੀਰ ਵਿਰਸੇ ਨੂੰ ਵਿਸਾਰ ਚੁੱਕੇ ਹਨ। ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦੇਸ਼ ਅੰਦਰਲੇ ਧਰਮ, ਵਿੱਦਿਆ, ਰਾਜਨੀਤੀ ਅਤੇ ਆਰਥਿਕ ਮਾਮਲਿਆਂ ਦੇ ਵਿਗੜ ਰਹੇ ਸੰਤੁਲਨ ਪ੍ਰਤੀ ਖਾਮੋਸ਼ ਹੈ।
ਡਾ: ਖੁਸ਼ਹਾਲ ਸਿੰਘ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕਿਹਾ ਕਿ ਸਿੰਘ ਸਭਾ ਲਹਿਰ 19ਵੀਂ ਸਦੀ ਦੀ ਇਕ ਧਾਰਮਿਕ ਤੇ ਸੁਧਾਰਕ ਲਹਿਰ ਸੀ। ਇਹ ਨਿਰੰਕਾਰੀ ਤੇ ਨਾਮਧਾਰੀ ਲਹਿਰਾਂ ਤੋਂ ਵਿਲੱਖਣ ਸੀ ਅਤੇ ਇਸ ਨੇ ਸਿੱਖ ਜੀਵਨ ਦੀ ਮੁੜ ਸੁਰਜੀਤੀ ਕੀਤੀ। ਗਦਰੀ ਬਾਬਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਜੂਦ ਦਾ ਆਧਾਰ ਸਿੰਘ ਸਭਾ ਲਹਿਰ ਹੀ ਸੀ।
ਡਾ: ਮਿਹਰਬਾਨ ਸਿੰਘ ਨੇ ਕਿਹਾ ਕਿ ਗੁਰੂ-ਕਾਲ ਤੋਂ ਪਹਿਲਾਂ ਵੀ ਤੇ ਬਾਅਦ ਵਿਚ ਵੀ ਸਮੇਂ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਕਥਿਤ ਅਛੂਤ ਸਮਝੇ ਜਾਂਦੇ ਲੋਕਾਂ ਦੇ ਵਿੱਦਿਆ ਪੜ੍ਹਨ, ਧਰਮ ਸਥਾਨਾਂ’ਤੇ ਜਾਣ, ਚੰਗਾ ਖਾਣ ਤੇ ਪਹਿਨਣ’ਤੇ ਪਾਬੰਦੀ ਲਾਈ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜ਼ਾਬਰ ਆਗੂਆਂ ਨੂੰ ਫ਼ਿਟਕਾਰਿਆ ਅਤੇ ਮਜ਼ਲੂਮਾਂ ਦੇ ਨਾਲ ਖੜ ਕੇ ਹੱਕ ਲੈਣ ਲਈ ਲਲਕਾਰਿਆ। ਉਹਨਾਂ ਸਿੱਖ ਸੋਚ ਤੇ ਸਿਧਾਂਤ ਵਿਰੋਧੀ ਸਿਰਜੇ ਜਾ ਰਹੇ ਸਾਹਿਤ, ਵਿਚਾਰਧਾਰਾ ਤੇ ਵਿਦਵਾਨਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ।
ਕੌਮਾਂਤਰੀ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਚਾਨਣਾ ਪਾਇਆ ਕਿ ਸੰਨ 1849 ਵਿਚ ਸਿੱਖ ਰਾਜ ਦੇ ਖਤਮ ਹੋਣ ਤੋਂ ਬਾਅਦ ਧਰਮ ਪਰਿਵਰਤਨ ਕਰਾਉਣ ਦੀ ਨੀਤੀ ਨੇ ਤੇਜ਼ੀ ਫੜੀ। ਸੰਨ 1853 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਵੀ ਇਸਾਈ ਬਣਾ ਲਿਆ ਗਿਆ। ਸੰਨ 1900 ਤੱਕ ਸਿਆਲਕੋਟ ਦੇ ਪੱਛੜੀਆਂ ਜਾਤਾਂ ਦੇ ਲੋਕ ਅੱਧ ਤੋਂ ਵੱਧ ਇਸਾਈ ਬਣ ਗਏ ਸਨ। ਇਸ ਦੇ ਨਾਲ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ-ਕਾਲ ਵਿਚ ਹੀ ਸਿੱਖਾਂ ਉੱਪਰ ਸਨਾਤਨੀ ਧਰਮ ਦਾ ਪ੍ਰਭਾਵ ਸਪੱਸ਼ਟ ਦਿਖਾਈ ਦੇਣ ਲੱਗ ਪਿਆ ਸੀ। ਸ਼ਬਦ-ਗੁਰੂ ਦੀ ਪਰੰਪਰਾ ਦੀ ਥਾਂ ਦੇਹਧਾਰੀ ਸੋਢੀ ਅਤੇ ਬੇਦੀ ਗੁਰੂ ਬਣ ਬੈਠੇ ਸਨ। ਸਿੱਖ ਬੁਤ ਪੂਜਾ ਤੇ ਮੂਰਤੀ ਪੂਜਾ ਕਰਨ ਦੇ ਨਾਲ ਹੀ ਹਿੰਦੂ ਧਰਮ ਗ੍ਰੰਥਾਂ ਦੇ ਉਪਾਸ਼ਕ ਅਤੇ ਪ੍ਰੋਹਿਤ ਤੇ ਪੁਜਾਰੀ ਦੇ ਗੁਲਾਮ ਹੋ ਗਏ ਸਨ। ਉਹਨਾਂ ਵਰਤਮਾਨ ਹਾਲਾਤਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਸਿੱਖ ਕੌਮ ਅੱਜ ਵੀ ਉਹੋ ਜਿਹੀਆਂ ਚੁਣੌਤੀਆਂ ਅਤੇ ਜਾਤ-ਪਾਤ ਦੇ ਘੇਰੇ ਵਿਚ ਹੀ ਹੈ।
ਪ੍ਰਿੰਸੀਪਲ ਗੁਰਬਚਨ ਸਿੰਘ ਨੇ ਪਾਲ ਸਿੰਘ ਪੁਰੇਵਾਲ ਵਲੋਂ ਇਕ ਸੈਮੀਨਾਰ ਵਿਚ ਕੀਤੇ ਖਲਾਸੇ ਦਾ ਜ਼ਿਕਰ ਕੀਤਾ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਅੰਤਮ ਛੋਹਾਂ ਦਿਵਾਉਣ ਲਈ ਜਥੇਦਾਰਾਂ ਕੋਲ ਭਿਖਾਰੀਆਂ ਦੀ ਤਰ੍ਹਾਂ ਘੁੰਮਦੇ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਕਾਂਡ’ਤੇ ਨਵਾਂ ਪ੍ਰਸ਼ਨ ਚੁੱਕਿਆ ਕਿ ਸਕੈਚ ਵਿਚ ਆਏ ਗੈਰ-ਸਿੱਖ ਸ਼ਕਲਾਂ ਵਾਲੇ ਵਿਅਕਤੀਆਂ ਨੂੰ ਅੱਜ ਤੱਕ ਹੱਥ ਨਹੀਂ ਪਾਇਆ ਗਿਆ। ਦੂਸਰਾ ਮੁਢਲੇ ਦਿਨਾਂ ਵਿਚ ਡੇਰਾ ਪ੍ਰੇਮੀਆਂ ਨੂੰ ਕਿਸੇ ਤਫ਼ਤੀਸ਼ ਵਿਚ ਸ਼ਾਮਲ ਹੀ ਨਹੀਂ ਕੀਤਾ ਗਿਆ। ਉਨ੍ਹਾਂ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਾ ਮਿਲ ਸਕਣ ਦੇ ਘਟਨਾਕ੍ਰਮਾਂ’ਤੇ ਬੋਲਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਸਿੱਖ ਕੌਮ ਸੁੱਖ ਦੀ ਨੀਂਦ ਨਹੀਂ ਸੌਂ ਸਕਦੀ।
ਹਮੀਰ ਸਿੰਘ ਪੱਤਰਕਾਰ ਨੇ ਮਨੁੱਖਤਾ ਦੀ ਥਾਂ ਰਾਸ਼ਟਰਵਾਦੀ ਰੁਝਾਨ’ਤੇ ਬੋਲਦਿਆਂ ਕਿਹਾ ਕਿ ਭਾਰਤ ਬਹੁਕੌਮੀ, ਬਹੁਧਰਮੀ ਤੇ ਬਹੁਭਾਸ਼ਾਈ ਦੇਸ਼ ਹੈ। ਪੰਜਾਬ ਦੀ ਭਾਸ਼ਾ ਤੇ ਮਾਂ-ਬੋਲੀ ਪੰਜਾਬੀ ਹੈ। ਏਥੇ ਇਕ ਬੋਲੀ, ਇਕ ਧਰਮ ਤੇ ਇਕ ਕੌਮ ਦਾ ਕੋਈ ਤੁਗ਼ਲਕੀ ਫ਼ੁਰਮਾਨ ਲਾਗੂ ਨਹੀਂ ਹੋ ਸਕਦਾ। ਉਹਨਾਂ ਦਲਿਤ ਸਮਾਜ ਅਤੇ ਪਛੜੀਆਂ ਸ੍ਰੇਣੀਆਂ ਨਾਲ ਭਾਰਤੀ ਰਾਜਨੀਤਕਾਂ ਲੋਕਾਂ ਵੱਲੋਂ ਧਰਮ ਦੀ ਆੜ ਵਿਚ ਗੁੰਮਰਾਹ ਕਰਨ ਦੇ ਮਨਸੂਬਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ। ਸਿੱਖ ਕੌਮ ਦਾ ਗੁਰਦੁਆਰਾ ਐਕਟ ਨਾਲ ਜੁੜੇ ਹੋਣ ਦਾ ਜ਼ਿਕਰ ਕਰਦਿਆਂ ਸਾਵਧਾਨ ਕੀਤਾ ਕਿ ਇਹ ਚੋਣ-ਪ੍ਰਣਾਲੀ ਕੌਮ ਨੂੰ ਖੁਆਰੀ ਵੱਲ ਧੱਕਦੀ ਰਹੇਗੀ।
ਪ੍ਰਿੰਸੀਪਲ ਬਲਜੀਤ ਸਿੰਘ ਚੌਂਤਾ ਨੇ ਕਿਹਾ ਕਿ ਇਤਿਹਾਸ ਕੌਮਾਂ ਦੀ ਜ਼ਿੰਦ ਜਾਨ ਹੋਇਆ ਕਰਦੇ ਹਨ। ਸਿੰਘ ਸਭਾ ਲਹਿਰ ਦੇ ਨਾਇਕ ਕੌਮ ਦੇ ਰਾਹ-ਦਸੇਰਾ ਹਨ ਅਤੇ ਉਹਨਾਂ ਨੂੰ ਕੌਮ ਵਿਚ ਨਿਰੰਤਰ ਸਤਿਕਾਰਤ ਥਾਂ ਦੇਣਾ ਚਾਹੀਦਾ ਹੈ। ਉਹਨਾਂ ਦੀਆਂ ਤਸਵੀਰਾਂ ਲਾਇਬ੍ਰੇਰੀਆਂ ਅਤੇ ਘਰ-ਘਰ ਵਿਚ ਲੱਗਣੀਆਂ ਚਾਹੀਦੀਆਂ ਹਨ। ਕੌਮ ਦੇ ਹੀਰਿਆਂ ਨੂੰ ਭੁੱਲ ਜਾਣ ਨਾਲ ਹੀ ਕੌਮਾਂ ਹਾਰ ਜਾਂਦੀਆਂ ਹਨ ਤੇ ਖੁਆਰ ਹੁੰਦੀਆਂ ਹਨ। ਉਹਨਾਂ ਰਵਾਇਤੀ ਧਾਰਮਿਕ ਜਸ਼ਨਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਦੀ ਥਾਂ ਦਰਸ਼ਨ ਵੱਲ ਵਧੀਏ।
ਡਾ: ਪਿਆਰੇ ਲਾਲ ਗਰਗ ਨੇ ਕਿਹਾ ਕਿ ਸਿੱਖੀ ਜਨਮ-ਜਾਤ ਦੇ ਮੁਥਾਜ ਨਹੀਂ ਹੈ ਪਰ ਸਿੱਖ ਇਸ ਨੂੰ ਜਨਮ-ਜਾਤ ਦੀ ਜਕੜ ਵਿਚ ਬ੍ਰਾਹਮਣਵਾਦ ਦਾ ਸ਼ਿਕਾਰ ਹਨ। ਉਨ੍ਹਾਂ ਸਿੱਖੀ ਦੇ ਮੂਲ ਸਿਧਾਂਤ ਅਤੇ ਫ਼ਲਸਫ਼ੇ ਨੂੰ ਅਪਨਾਉਣ ਦੀ ਲੋੜ’ਤੇ ਜ਼ੋਰ ਦਿੱਤਾ। ਉਨ੍ਹਾਂ ਧਰਮ ਪਰਿਵਰਤਨ ਦੇ ਮੁੱਦੇ’ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਅਸੂਲਾਂ ਦੇ ਉਲਟ ਪ੍ਰਕਾਸ਼ਿਤ ਕਿਤਾਬਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠ-ਕ੍ਰਮ ਸਾਜਿਸ਼ੀ ਰਲੇ ਵੀ ਅੱਜ ਵੱਡੀ ਚੁਣੌਤੀ ਹੈ। ਉਨ੍ਹਾਂ ਪੰਜਾਬ ਅੰਦਰ ਏਜੰਸੀਆਂ ਵਲੋਂ ਖਾਨਜੰਗੀ ਦੀਆਂ ਸਾਜਿਸ਼ਾਂ ਤੋਂ ਸੁਚੇਤ ਰਹਿਣ ਲਈ ਸੱਦਾ ਦਿੱਤਾ।
ਪਰਮਜੀਤ ਸਿੰਘ ਨੇ ਕਿਹਾ ਕਿ ਖਾਲਸਾ ਰਾਜ ਦੇ ਪਤਨ ਤੋਂ ਬਾਅਦ ਸਿੱਖੀ ਨੂੰ ਢਾਅ ਲੱਗ ਰਹੀ ਸੀ। ਸਿੰਘ ਸਭਾ ਲਹਿਰ ਦਾ ਜ਼ਮਾਨਾ ਪੱਛਮੀ- ਵਿਦਿਆ ਦੇ ਪ੍ਰਵੇਸ਼ ਦਾ ਸੀ। ਹਿੰਦੂ-ਵੈਦਿਕ ਧਰਮ ਆਰੀਆ ਸਮਾਜ ਦੇ ਰੂਪ ਵਿਚ ਅੰਗੜਾਈ ਭਰ ਰਿਹਾ ਸੀ। ਪੱਛਮੀ ਵਿਦਿਆ ਦੇ ਸੋਮੇ ਸਕੂਲਾਂ- ਕਾਲਜਾਂ ਦੇ ਰੂਪ ਵਿਚ ਵਗ ਰਹੇ ਸਨ। ਸਿੱਖ ਪੰਥ ਦੇ ਚੰਗੇ ਭਾਗਾਂ ਨੂੰ ਪ੍ਰੋ: ਗੁਰਮੁਖ ਸਿੰਘ ਪੂਰਬੀ ਤੇ ਪੱਛਮੀ ਵਿਦਿਆ ਦੇ ਉੱਚੇ ਦਰਜੇ ਦੇ ਵਿਦਵਾਨ ਸਨ, ਜਿਨ੍ਹਾਂ ਨੇ ਹਰ ਵਿਰੋਧੀ ਗਤੀਵਿਧੀ ਨੂੰ ਬੜੀ ਸੂਝ ਬੂਝ ਨਾਲ ਪਰਖਿਆ। ਪੂਰੇ ਸਿਦਕ ਤੇ ਦ੍ਰਿੜਤਾ ਨਾਲ ਚੇਤਨਾ ਪੈਦਾ ਕੀਤੀ। ਸ਼ਾਸ਼ਤ੍ਰਾਰਥ ਤੇ ਬਹਿਸਾਂ ਖੇਤਰ ਵਿਚ ਭਾਈ ਦਿੱਤ ਸਿੰਘ ਜੀ ਦਾ ਸਥਾਨ ਸਰਵੋਤਮ ਰਿਹਾ। ਗਿਆਨੀ ਹਜ਼ਾਰਾ ਸਿੰਘ, ਗਿਆਨੀ ਸਰਦੂਲ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪੰਡਤ ਗੁਰਬਖਸ਼ ਸਿੰਘ ਜੀ ਪਟਿਆਲੇ ਵਾਲੇ ਅਤੇ ਭਾਈ ਵੀਰ ਸਿੰਘ ਹੋਰਾਂ ਬੁਧੀ ਬਲ ਨਾਲ ਤਕੜਾ ਯੋਗਦਾਨ ਪਾਇਆ।
ਪੰਥਕ ਤਾਲਮੇਲ ਸੰਗਠਨ ਦੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਸਿੱਖ ਵਿਦਿਅਕ ਬੋਰਡ ਦੀ ਲੋੜ ਤੇ ਅਹਿਮੀਅਤ’ਤੇ ਚਾਨਣਾ ਪਾਉਂਦਿਆਂ ਮੌਜੂਦਾ ਸਮੇਂ ਵਿਚ ਕੀਤੇ ਜਾ ਚੁੱਕੇ ਕੰਮ ਅਤੇ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅਪੀਲ ਕੀਤੀ ਕਿ ਸਿੱਖ ਕੌਮ ਦੇ ਕੌਮਾਂਤਰੀ ਕੱਦ-ਕਾਠ ਲਈ ਸਿੱਖ ਵਿਦਿਅਕ ਸੰਸਥਾਵਾਂ ਆਪਣੇ ਵਿਦਿਅਕ ਬੋਰਡ ਦੀ ਮਹੱਤਤਾ ਨੂੰ ਸਮਝ ਕੇ ਨਮੂਨਾ ਪੇਸ਼ ਕਰਨ ਤੇ ਇਕ ਇਤਿਹਾਸ ਸਿਰਜਣ। ਸਟੇਜ ਸਕੱਤਰ ਦੀ ਜਿੰਮੇਵਾਰੀ ਵੀ ਐਡਵੋਕੇਟ ਸ ਜਸਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਸਟੇਜ ਵਲੋਂ ਗਿਆਨ ਪਰਗਾਸ ਟਰੱਸਟ ਦੀ ਸਮੁੱਚੀ ਟੀਮ ਵਲੋਂ ਕੀਤੇ ਗਏ ਵਧੀਆ ਪ੍ਰਬਂਧਾਂ ਦੀ ਸਰਾਹਨਾ ਕਰਦਿਆ ਧੰਨਵਾਦ ਕੀਤਾ ਗਿਆ। ਗਿਆਨ ਪਰਗਾਸ ਟਰੱਸਟ ਦੇ ਪ੍ਰਬੰਧਕ ਸੁਲੋਚਨਬੀਰ ਸਿੰਘ, ਸਵਰਨ ਸਿੰਘ ਰਾਣਾ, ਅੰਮ੍ਰਿਤਪਾਲ ਸਿੰਘ (ਯੂਨਾਇਟਡ ਸਖਿਸ) ਅਤੇ ਮੇਜਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਥ ਦੀਆਂ ਸਰਿਮੌਰ ਸੰਸਥਾਵਾਂ ਦੇ ਨੁਮਾਂਇਦੇ, ਵਿਦਿਅਕ ਖੇਤਰ ਵਿਚ ਯੋਗਦਾਨ ਪਾ ਰਹੀਆਂ ਮਹਾਨ ਸ਼ਖਸੀਅਤਾਂ ਅਤੇ ਸਿੱਖ ਜਗਤ ਦੇ ਵਿਦਵਾਨ ਪ੍ਰਚਾਰਕ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...