ਪੰਜਾਬ ਕਾਂਗਰਸ ‘ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਨੂੰ ਲੈ ਕੇ ਪਾਰਟੀ ਹਾਈਕਮਾਨ ਗੰਭੀਰ ਮੰਥਨ ‘ਚ ਜੁਟੀ ਹੋਈ ਹੈ। ਇਸੇ ਦੌਰਾਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਅਚਾਨਕ ਦਿੱਲੀ ਬੁਲਾਏ ਜਾਣ ਨਾਲ ਸਿਆਸੀ ਹਲਕਿਆਂ ‘ਚ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ। ਦੋਵਾਂ ਆਗੂਆਂ ਦੀ ਦਿੱਲੀ ‘ਚ ਪਾਰਟੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਵਨ-ਟੂ-ਵਨ ਬੈਠਕ ਹੋਈ ਹੈ। ਕਾਂਗਰਸ ਸੂਤਰਾਂ ਅਨੁਸਾਰ, ਰਾਹੁਲ ਗਾਂਧੀ ਵੱਲੋਂ ਪੰਜਾਬ ਦੀ ਅਗਵਾਈ ਨੂੰ ਲੈ ਕੇ ਲਏ ਗਏ ਫੀਡਬੈਕ ਤੋਂ ਬਾਅਦ ਹਾਈਕਮਾਨ ਅੰਤਿਮ ਫੈਸਲੇ ਦੇ ਨੇੜੇ ਪਹੁੰਚ ਚੁੱਕੀ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਦੇ 60-70 ਸੀਨੀਅਰ ਆਗੂਆਂ ਤੋਂ ਰਾਏ ਲੈਣ ਲਈ ਨਿਯੁਕਤ ਕੀਤੇ ਤਿੰਨ ਆਬਜ਼ਰਵਰਾਂ ਦੀ ਰਿਪੋਰਟ ‘ਤੇ ਚਰਚਾ ਕੀਤੀ ਸੀ। ਆਬਜ਼ਰਵਰਾਂ ਨੇ ਦਿੱਲੀ ‘ਚ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਕੇ ਜਥੇਬੰਦੀ ਦੀ ਮੌਜੂਦਾ ਸਥਿਤੀ, ਚੋਣ ਸੰਭਾਵਨਾਵਾਂ ਤੇ ਅਗਵਾਈ ਨੂੰ ਲੈ ਕੇ ਫੀਡਬੈਕ ਇਕੱਠਾ ਕੀਤਾ ਸੀ। ਇਸ ਰਿਪੋਰਟ ਦੇ ਅਧਾਰ ‘ਤੇ ਪੰਜਾਬ ਕਾਂਗਰਸ ਵਿੱਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼ ਹੋ ਗਈ। ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਦੀ ਦੌੜ ‘ਚ ਫਿਲਹਾਲ ਤਿੰਨ ਨਾਂ ਸਭ ਤੋਂ ਅੱਗੇ ਹਨ – ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ।
ਸਖਜਿੰਦਰ ਸਿੰਘ ਰੰਧਾਵਾ ਜੱਟ-ਸਿੱਖ ਭਾਈਚਾਰੇ ਤੋਂ ਆਉਂਦੇ ਹਨ ਤੇ ਜਥੇਬੰਦੀ ਦੇ ਤਜਰਬੇਕਾਰ ਚਿਹਰਿਆਂ ‘ਚ ਗਿਣੇ ਜਾਂਦੇ ਹਨ। ਜੇਕਰ ਕਾਂਗਰਸ ਰਵਾਇਤੀ ਸਿੱਖ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਰਣਨੀਤੀ ‘ਤੇ ਚੱਲਦੀ ਹੈ ਤਾਂ ਰੰਧਾਵਾ ਮਜ਼ਬੂਤ ਬਦਲ ਬਣ ਸਕਦੇ ਹਨ।












