ਪੰਜਾਬ ‘ਚ ‘ਆਪ’ ਦੀ ਸਰਕਾਰ ਨੂੰ ਪੰਜਾਬ ‘ਚ ਇੱਕ ਸਾਲ ਹੋ ਗਿਆ ਹੈ। ਜਿਸਦੇ ਚੱਲਦੇ ਮਾਨ ਨੇ ਸੂਬਾਵਾਸੀਆਂ ਨੂੰ ਲਾਈਵ ਹੋ ਕੇ ਸੰਬੋਧਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਇਤਿਹਾਸ ਰਚਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਗੈਰ ਸਿਆਸੀ ਪਿਛੋਕੜ ਵਾਲੇ ਲੋਕਾਂ ਦੀ ਪਾਰਟੀ ਹੈ। ਜੋ ਕਿਸੇ ਸਿਆਸੀ ਲੋਕਾਂ ਦੇ ਰਿਸ਼ਤੇਦਾਰ ਨਹੀਂ।
ਮਾਨ ਨੇ ਕਿਹਾ ਕਿ ਪਹਿਲੀਂ ਹੀ ਕੈਬਨਿਟ ‘ਚ ਅਸੀਂ ਫੈਸਲਾ ਕੀਤਾ ਕਿ ਜਿਹੜੇ ਵੀ ਵਿਭਾਗ ‘ਚ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਹਨ ਪਹਿਲਾਂ ਉਹ ਭਰੀਆਂ ਜਾਣ। ਇਸ ਦੇ ਨਾਲ ਹੀ ਜਿਥੇ ਕਿਸੇ ਤਰ੍ਹਾਂ ਦੇ ਸਟਾਫ ਦੀ ਘਾਟ ਹੈ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਜਿਸ ਨਾਲ ਇੱਕ ਸਾਲ ‘ਚ 27 ਹਜ਼ਾਰ ਨਿਊਕਤੀ ਪੱਤਰ ਦਿੱਤੇ ਗਏ। ਸੀਐਮ ਮਾਨ ਨੇ ਕਿਹਾ ਕਿ ਕੋਰਲ ‘ਤੇ ਐਮਐਸਪੀ ਦਿੱਤੀ ਗਈ, ਕਣਕ ਦੀ ਸਿੱਧੀ ਬਿਜਾਈ ਲਈ 1500 ਰੁਪਏ ਦਿੱਤੇ ਗਏ, ਗੰਨੇ ਲਈ 392 ਕਰੋੜ ਦਿੱਤੇ ਗਏ। ਇੱਕ ਸਾਲ ਵਿੱਚ 300 ਮੁਹੱਲਾ ਕਲੀਨਿਕ ਚਲਾਏ ਗਏ, ਜਿੱਥੇ 15 ਲੱਖ ਲੋਕਾਂ ਨੇ ਇਨ੍ਹਾਂ ਦਾ ਲਾਭ ਲਿਆ। ਮਾਨ ਨੇ ਕਿਹਾ ਕਿ ਉੱਘੇ ਸਕੂਲ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਯੋਗਤਾ ਅਤੇ ਰੁਚੀ ਅਨੁਸਾਰ ਉਨ੍ਹਾਂ ਦੀ ਪ੍ਰਤਿਭਾ ਦਾ ਵਿਕਾਸ ਕੀਤਾ ਜਾਵੇਗਾ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ‘ਆਪ’ ਨੇ ਇਨਸਾਫ਼ ਮਿਲਣ ਦੀ ਗਾਰੰਟੀ ਦਿੱਤੀ ਸੀ। ਇਸ ਨੂੰ ਪੂਰਾ ਕਰਦੇ ਹੋਏ ਐਸਆਈਟੀ ਵੱਲੋਂ 7000 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ ਸਰਕਾਰ ਦੇ ਨਵੇਂ ਸਾਲ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਸੂਬੇ ਵਿੱਚ ਵੱਡੇ ਉਦਯੋਗ ਲੱਗ ਰਹੇ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਨਸ਼ਿਆਂ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ, ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਸਰਕਾਰ ਬਣਦਿਆਂ ਹੀ ਭ੍ਰਿਸ਼ਟਾਚਾਰ ਵਿਰੁੱਧ ਸ਼ਿਕੰਜਾ ਕੱਸਿਆ ਗਿਆ। ਭ੍ਰਿਸ਼ਟਾਚਾਰ ਦੇ ਮੁਲਜ਼ਮ ਮੰਤਰੀ ਅਤੇ ਅਧਿਕਾਰੀ ਜੇਲ੍ਹਾਂ ਵਿੱਚ ਹਨ। ਮਾਨ ਨੇ ਕਿਹਾ ਕਿ ‘ਆਪ’ ਨੇ ਆਪਣੀ ਸਰਕਾਰ ਦੇ ਮੰਤਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ।
ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਹੁਣ ਸੂਬੇ ਵਿੱਚ ਪੰਜਾਬੀਆਂ ਦੀ ਸਰਕਾਰ ਹੈ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਮਾਨ ਨੇ ਕਿਹਾ ਕਿ ‘ਆਪ’ ਨੇ ਉਹ ਕੰਮ ਕੀਤੇ ਜੋ ਪਿਛਲੀਆਂ ਸਰਕਾਰਾਂ ਨੇ ਪਿਛਲੇ ਛੇ ਮਹੀਨਿਆਂ ਵਿੱਚ ਕੀਤੇ ਹਨ। ਮਾਨ ਨੇ ਪੰਜਾਬੀਆਂ ਨੂੰ ਕਿਹਾ ਕਿ ਉਹ ਆਪਣੇ ਵਿੱਚ ਵਿਸ਼ਵਾਸ ਰੱਖਣ।












