ਨਿਊਯਾਰਕ, 9 ਜਨਵਰੀ 2022 – ਸ਼ੱਕੀ ਨਫ਼ਰਤੀ ਅਪਰਾਧ ਦੇ ਇੱਕ ਹੋਰ ਮਾਮਲੇ ਵਿੱਚ ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ‘ਤੇ ਇੱਕ ਅਣਪਛਾਤੇ ਵਿਅਕਤੀ ਦੁਆਰਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਜੇਐਫਕੇ (ਜੌਹਨ ਐਫ ਕੈਨੇਡੀ) ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇੱਕ ਸਿੱਖ ਟੈਕਸੀ ਡਰਾਈਵਰ ‘ਤੇ ਇਕ ਨੌਜਵਾਨ ਵੱਲੋਂ ਹਮਲਾ ਕੀਤਾ ਗਿਆ ਅਤੇ ਉਸ ਦੀ ਪੱਗ ਲਾਹ ਦਿੱਤੀ ਅਤੇ ਨਾਲ ਹੀ ਉਸ ਵਿਰੁੱਧ ਅਪਸ਼ਬਦ ਵੀ ਵਰਤੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ਦੇ ਸੰਬੰਧ ‘ਚ ਨਵਜੋਤ ਪਾਲ ਕੌਰ ਵੱਲੋਂ 4 ਜਨਵਰੀ ਨੂੰ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ 26 ਸੈਕਿੰਡ ਦੀ ਵੀਡੀਓ ਅਪਲੋਡ ਕੀਤੀ ਗਈ ਸੀ, ਜਿਸ ਵਿਚ ਇਕ ਵਿਅਕਤੀ ਹਵਾਈ ਅੱਡੇ ਦੇ ਬਾਹਰ ਸਿੱਖ ਟੈਕਸੀ ਡਰਾਈਵਰ ‘ਤੇ ਹਮਲਾ ਕਰਦੇ ਦਿਖਾਇਆ ਗਿਆ ਸੀ। ਉਸ ਨੇ ਕਿਹਾ ਕਿ ਇਹ ਵੀਡੀਓ ਹਵਾਈ ਅੱਡੇ ‘ਤੇ ਇਕ ਰਾਹਗੀਰ ਨੇ ਸ਼ੂਟ ਕੀਤਾ ਸੀ, ਜੋ ਉਸ ਨੇ ਖੁਦ ਨਹੀਂ ਕੀਤੀ ਹੈ। ਡਰਾਈਵਰ ਜਾਂ ਘਟਨਾ ਦੇ ਕਾਰਨਾਂ ਬਾਰੇ ਹੋਰ ਵੇਰਵੇ ਉਪਲਬਧ ਨਹੀਂ ਹਨ।
ਨਵਜੋਤ ਪਾਲ ਕੌਰ ਨੇ ਆਪਣੇ ਟਵੀਟ ‘ਚ ਲਿਖਿਆ ਕੇ ਮੈਂ ਇਹ ਵੀਡੀਓ ਰਿਕਾਰਡ ਨਹੀਂ ਕੀਤੀ ਪਰ ਮੈਂ ਇਸ ਤੱਥ ਨੂੰ ਉਜਾਗਰ ਕਰਨਾ ਚਾਹੁੰਦੀ ਸੀ ਕਿ ਸਾਡੇ ਸਮਾਜ ਵਿਚ ਨਫ਼ਰਤ ਹੁਣ ਵੀ ਬਰਕਰਾਰ ਹੈ।











