ਤਲਵੰਡੀ ਸਾਬੋ: ਪੰਜਾਬ ‘ਚ ਵਿਧਾਨ ਸਭਾ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਜੋੜ ਤੋੜ ਦੀ ਰਾਜਨੀਤੀ ਕਰ ਰਹੀ ਹੈ। ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸਿਆਸੀ ਪਾਰਟੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਡੇਰਾ ਸਿਰਸਾ ਦੇ ਪੈਰੋਕਾਰਾਂ ਤੋਂ ਵੋਟਾਂ ਨਾਂ ਮੰਗਣ ਜਾਣ।
ਉਨ੍ਹਾਂ ਕਿਹਾ ਕਿ 2022 ਚੋਣਾਂ ਲਈ ਵੋਟਾਂ ਮੰਗਣ ਜਾ ਰਹੇ ਵੱਖ-ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਹਾਰ ਚੁੱਕੇ ਹਨ ਅਤੇ ਇਨ੍ਹਾਂ ਇਨਸਾਨੀਅਤ ਤੋਂ ਹਾਰੇ ਲੀਡਰਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਤਿਆਰ ਹਨ। ਉਨ੍ਹਾਂ ਕਿਹਾ ਪਿਛਲੀਆਂ ਚੋਣਾਂ ਗਵਾਹ ਹਨ ਕਿ ਜਿਸ ਜਿਸ ਪਾਰਟੀ ਨੇ ਜਾ ਕੇ ਡੇਰਾ ਸਿਰਸਾ ਮੁਖੀ ਕੋਲੋਂ ਵੋਟਾਂ ਮੰਗੀਆਂ, ਉਨ੍ਹਾਂ ਦੀਆਂ ਸੰਦੂਕੜੀਆਂ ਸਾਫ ਹੋ ਗਈਆਂ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਦੇ ਇਸ਼ਾਰੇ ‘ਤੇ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲੇ ਉਸ ਦੇ ਪੈਰੋਕਾਰ ਵੀ ਬਰਾਬਰ ਦੇ ਗੁਨਾਹਗਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ, ‘ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਤਿੰਨ ਸੂਬਿਆਂ ਵਿੱਚ ਬੱਸਾਂ ਨੂੰ ਅੱਗਾਂ ਲਗਵਾਈਆਂ ਸਨ, ਬਰਗਾੜੀ ਬੇਅਦਬੀ ਕਾਂਡ ਨੂੰ ਅੰਜ਼ਾਮ ਦਿੱਤਾ। ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ, ਕੀ ਇਹ ਅੱਤਵਾਦ ਤੋਂ ਘੱਟ ਹੈ?’ ਦਾਦੂਵਾਲ ਨੇ ਪਾਰਟੀ ਲੀਡਰਾਂ ਨੂੰ ਇਨਸਾਨੀਅਤ ਦਾ ਵਾਸਤਾ ਪਾ ਕੇ ਕਿਹਾ ਕੇ ਡੇਰਾ ਸਿਰਸਾ ਨੂੰ ਚੰਦ ਵੋਟਾਂ ਖਾਤਿਰ ਸ਼ਹਿ ਨਾ ਦਿੱਤੀ ਜਾਵੇ।












