ਨਿਊਯਾਰਕ : ਅਮਰੀਕਾ ਦੇ ਸ਼ਹਿਰ ਨਿਊਯਾਰਕ ਸ਼ਹਿਰ ‘ਚ ਇਤਿਹਾਸਕ ਫੈਸਲਾ ਲੈਂਦਿਆਂ ਗੈਰ-ਨਾਗਰਿਕਾਂ ਤੇ ‘ਡ੍ਰੀਮਰਜ਼’ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਜਿਸ ਤਹਿਤ ਗੈਰ-ਨਾਗਰਿਕ ਅਗਲੇ ਸਾਲ ਤੋਂ ਹੋਣ ਵਾਲੀਆਂ ਮਿਉਂਸੀਪਲ ਚੋਣਾਂ ਵਿੱਚ ਵੋਟ ਪਾ ਸਕਣਗੇ ਅਤੇ ਸ਼ਹਿਰ ਦਾ ਮੇਅਰ ਤੇ ਸਿਟੀ ਕੌਂਸਲ ਮੈਂਬਰਾਂ ਦੀ ਚੋਣ ਕਰਨ ਵਿੱਚ ਮਦਦ ਕਰਨਗੇ। ਉੱਧਰ ਵਿਰੋਧੀ ਧਿਰਾਂ ਵਲੋਂ ਇਸ ਕਾਨੂੰਨ ਨੂੰ ਚੁਣੌਤੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਅਮਰੀਕਾ ਵਿੱਚ ਦਰਜਨ ਭਰ ਭਾਈਚਾਰਿਆਂ ਨੇ ਗੈਰ-ਨਾਗਰਿਕਾਂ ਨੂੰ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਜਿਸ ਵਿੱਚ ਮੈਰੀਲੈਂਡ ਦੇ 11 ਸ਼ਹਿਰ ਅਤੇ ਵਰਮੌਂਟ ਦੇ ਦੋ ਕਸਬੇ ਸ਼ਾਮਲ ਹਨ। ਇਲੈਕਟੋਰਲ ਮੰਡਲ ਜੁਲਾਈ ਤੋਂ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਏਗਾ, ਜਿਸ ਵਿੱਚ ਵੋਟਰਾਂ ਨੂੰ ਰਜਿਸਟਰ ਕਰਨ ਲਈ ਨਿਯਮ ਅਤੇ ਵਿਵਸਥਾਵਾਂ ਸ਼ਾਮਲ ਹਨ।
‘ਡ੍ਰੀਮਰਸ’ ਉਹ ਲੋਕ ਹਨ ਜੋ ਬੱਚਿਆਂ ਦੇ ਰੂਪ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਵਜੋਂ ਅਮਰੀਕਾ ਵਿੱਚ ਪਰਵਾਸ ਕੀਤੇ ਗਏ ਹਨ ਅਤੇ ‘ਡ੍ਰੀਮ’ ਐਕਟ ਜਾਂ DACA ਦੇ ਲਾਭਪਾਤਰੀ ਹਨ। ਇਸ ਕਾਨੂੰਨ ਦੇ ਤਹਿਤ, ਉਨ੍ਹਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਹੈ ਜੇਕਰ ਉਹ ਕੁਝ ਮਾਪਦੰਡਾਂ ਦੀ ਪਾਲਣਾ ਕਰਦੇ ਹਨ।












