ਪਾਕਿਸਤਾਨ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 9 ਮਈ ਨੂੰ ਦੁਪਹਿਰ 3 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗ੍ਰਿਫਤਾਰੀ ਪਾਕਿਸਤਾਨੀ ਰੇਂਜਰਾਂ ਨੇ ਅਲ-ਕਾਦਿਰ ਟਰੱਸਟ ਘੁਟਾਲੇ ਮਾਮਲੇ ‘ਚ NAB (ਰਾਸ਼ਟਰੀ ਜਵਾਬਦੇਹੀ ਬਿਊਰੋ) ਦੇ ਹੁਕਮਾਂ ‘ਤੇ ਕੀਤੀ ਹੈ। ਪਾਕਿਸਤਾਨ ਦੇ ਅਖਬਾਰ ‘ਦਿ ਡਾਨ’ ਮੁਤਾਬਕ ਅਲ ਕਾਦਿਰ ਟਰੱਸਟ ਘੁਟਾਲਾ ਲਗਭਗ 60 ਅਰਬ ਪਾਕਿਸਤਾਨੀ ਰੁਪਏ ਦਾ ਹੈ ਅਤੇ ਇਮਰਾਨ, ਪਤਨੀ ਬੁਸ਼ਰਾ ਬੀਬੀ ਅਤੇ ਬੁਸ਼ਰਾ ਦੀ ਦੋਸਤ ਫਰਾਹ ਗੋਗੀ ਨੇ ਇਸ ਦਾ ਫਾਇਦਾ ਉਠਾਇਆ।
ਗ੍ਰਿਫਤਾਰੀ ਤੋਂ ਪਹਿਲਾਂ ਇਮਰਾਨ 2 ਮਾਮਲਿਆਂ ‘ਚ ਜ਼ਮਾਨਤ ਲਈ ਹਾਈਕੋਰਟ ਪਹੁੰਚਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੀਟੀਆਈ ਵਰਕਰਾਂ ਨੇ ਦੇਸ਼ ਭਰ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਅਲ-ਜਜ਼ੀਰਾ ਮੁਤਾਬਕ ਪੁਲਿਸ ਹੁਣ ਤੱਕ ਇਮਰਾਨ ਦੇ 1,000 ਸਮਰਥਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਹਰ ਸ਼ਹਿਰ ਵਿੱਚ ਹਿੰਸਾ ਅਤੇ ਅੱਗਜ਼ਨੀ ਹੋ ਰਹੀ ਹੈ। ਸਭ ਤੋਂ ਵੱਡਾ ਸੂਬਾ ਪੰਜਾਬ ਹੁਣ ਫੌਜ ਦੇ ਹੱਥਾਂ ਵਿੱਚ ਹੈ। ਦੇਸ਼ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸਲਾਮਾਬਾਦ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਹਿਮ ਸ਼ਹਿਰਾਂ ਵਿੱਚ ਨੀਮ ਫ਼ੌਜੀ ਬਲ ਦੇ ਰੇਂਜਰਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।












