ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ ਦੇ ਪੁੱਤਰ ਨਾਲ ਘਰ ਪਰਤ ਰਹੇ ਨੌਜਵਾਨ ‘ਤੇ 7 ਤੋਂ 8 ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਲਜ਼ਾਮ ਹੈ ਕਿ ਹਮਲਾਵਰ ਕਾਰ ‘ਚ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਨੌਜਵਾਨ ਤੇ 5 ਤੋਂ 6 ਗੋਲੀਆਂ ਚਲਾਈਆਂ, ਜਿਸ ਦੌਰਾਨ ਕਾਰ ਤੇ ਵੀ ਗੋਲੀਆਂ ਲੱਗੀਆਂ। ਇਸ ਤੋਂ ਇਲਾਵਾ ਦਾਤਰ ਨਾਲ ਉਸ ਦੇ ਸਿਰ ਤੇ ਵਾਰ ਕੀਤੇ ਗਏ ਤੇ ਪਿਸਤੌਲ ਦੇ ਬੱਟ ਨਾਲ ਵੀ ਹਮਲਾ ਕੀਤਾ ਗਿਆ।
ਪੀੜਤ ਨੇ ਕਿਸੇ ਤਰ੍ਹਾਂ ਆਪਣੀ ਕਾਰ ਭਜਾ ਕੇ ਆਪਣੀ, ਆਪਣੀ ਮਾਂ ਤੇ ਬੱਚੇ ਦੀ ਜਾਨ ਬਚਾਈ ਤੇ ਸਿਵਲ ਹਸਪਤਾਲ ਪਹੁੰਚਿਆ। ਪੀੜਤ ਦੀ ਪਛਾਣ ਜਗਜੋਤ ਸਿੰਘ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ। ਉਸ ਨੇ ਹਮਲੇ ਪਿੱਛੇ ਪੁਰਾਣੀ ਰੰਜਿਸ਼ ਤੇ ਸਿਆਸੀ ਦੁਸ਼ਮਣੀ ਹੋਣ ਦੇ ਇਲਜ਼ਾਮ ਲਗਾਏ ਹਨ।
ਉਤਰਿਆ ਸੀ ਨੌਜਵਾਨ, ਪਿੱਛੋਂ ਆਏ ਹਮਲਾਵਰਾਂ ਨੇ ਕੀਤੀ ਫਾਇਰਿੰਗ
ਪੀੜਤ ਜਗਜੋਤ ਸਿੰਘ ਅਨੁਸਾਰ, ਉਹ ਆਪਣੀ ਮਾਂ ਮਨਜੀਤ ਕੌਰ ਤੇ ਸਾਢੇ 3 ਸਾਲ ਦੇ ਪੁੱਤਰ ਨਾਲ ਢੋਲੇਵਾਲ ਇਲਾਕੇ ‘ਚ ਸਥਿਤ ਮੈਗੀ ਪੁਆਇੰਟ ਰੈਸਟੋਰੈਂਟ ‘ਚ ਖਾਣਾ ਖਾਣ ਗਿਆ ਸੀ। ਤਿੰਨੇ ਕਾਰ ‘ਚ ਬੈਠ ਕੇ ਹੀ ਖਾਣਾ ਖਾ ਰਹੇ ਸਨ। ਖਾਣਾ ਖਾਣ ਤੋਂ ਬਾਅਦ ਜਗਜੋਤ ਆਪਣੇ ਪੁੱਤਰ ਲਈ ਪਾਣੀ ਦੀ ਬੋਤਲ ਲੈਣ ਤੇ ਪੈਸੇ ਦੇਣ ਵਾਸਤੇ ਕਾਰ ਤੋਂ ਹੇਠਾਂ ਉਤਰਿਆ ਸੀ। ਇਸੇ ਦੌਰਾਨ ਪਿੱਛੋਂ 7 ਤੋਂ 8 ਨੌਜਵਾਨ ਭੱਜਦੇ ਹੋਏ ਆਏ ਤੇ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਗਜੋਤ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਉਸ ‘ਤੇ ਦੋ ਗੋਲੀਆਂ ਚਲਾਈਆਂ, ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਹ ਭੱਜ ਕੇ ਕਾਰ ‘ਚ ਬੈਠ ਗਿਆ। ਇਲਜ਼ਾਮ ਹੈ ਕਿ ਹਮਲਾਵਰ ਕਾਰ ਦੀ ਖਿੜਕੀ ਕੋਲ ਆ ਕੇ ਵੀ ਫਾਇਰਿੰਗ ਕਰਨ ਲੱਗੇ ਤੇ ਗੱਡੀ ਦੇ ਅੰਦਰ ਵੀ ਦੋ ਗੋਲੀਆਂ ਚਲਾਈਆਂ। ਉਸ ਸਮੇਂ ਉਸ ਦੀ ਮਾਂ ਤੇ ਛੋਟਾ ਪੁੱਤਰ ਵੀ ਕਾਰ ‘ਚ ਮੌਜੂਦ ਸਨ।












