ਕੈਲੀਫੋਰਨੀਆ, 14 ਜਨਵਰੀ 2022 – ਅਮਰੀਕਾ ਦੇ ਫਰਿਜ਼ਨੋ ਦੇ ਨੇੜਲੇ ਸ਼ਹਿਰ ਕਲੋਵਸ ‘ਚ ਬੀਤੇ ਮੰਗਲ਼ਵਾਰ ਸ਼ਾਅ ਐਂਡ ਫਾਊਲਰ ਐਵੇਨਿਊ ਕਲੋਵਿਸ ‘ਤੇ ਸਥਿਤ ਇੱਕ ਹੁੱਕਾ ਅਤੇ ਸਿਗਰੇਟ ਸਟੋਰ ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਨੂੰ ਇਕ ਪੰਜਾਬੀ ਨੌਜਵਾਨ ਵੱਲੋਂ ਅੰਜਾਮ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਹਿਚਾਣ 27 ਸਾਲਾ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋ ਵਾਰਦਾਤ ਵਾਲਾ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਇਹ ਘਟਨਾ ਮੰਗਲਵਾਰ ਰਾਤ ਕਰੀਬ 6:30 ਵਜੇ ਦੀ ਹੈ ਜਦੋਂ ਇੱਕ ਪੰਜਾਬੀ ਮੂਲ ਦੀ ਕੁੜੀ ਰਜਿਸਟਰ ਤੇ ਕੰਮ ਕਰ ਰਹੀ ਸੀ, ਜਿਸ ਤੇ ਨੌਜਵਾਨ ਵੱਲੋਂ ਗੋਲੀ ਚਲਾ ਦਿੱਤੀ ਗਈ। ਇਸ ਹਮਲੇ ਵਿੱਚ ਲੜਕੀ ਗੰਭੀਰ ਜ਼ਖਮੀ ਹੋ ਗਈ ਹੈ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਕਲੋਵਸ ਪੁਲਿਸ ਨੇ ਕਥਿਤ ਦੋਸ਼ੀ ਹਰਮਪ੍ਰੀਤ ਸਿੰਘ ‘ਤੇ ਕਤਲ ਦੀ ਕੋਸ਼ਿਸ਼, ਘਰੇਲੂ ਹਿੰਸਾ ਅਤੇ ਕਈ ਹਥਿਆਰਾਂ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਫਰਿਜ਼ਨੋ ਕਾਉਂਟੀ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।











