ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਵੇਰਵਿਆਂ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਕਰਨਜੀਤ ਸਿੰਘ (32) ਪੁੱਤਰ ਸਕੱਤਰ ਸਿੰਘ ਵਾਸੀ ਨਾਗੋਕੇ ਵਜੋਂ ਹੋਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੋਸ਼ ਲਾਇਆ ਹੈ ਉਨ੍ਹਾਂ ਦੇ ਲੜਕੇ ਦਾ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੀ ਪੁਲੀਸ ਟੀਮ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਕਰਨਜੀਤ ਸਿੰਘ ਨਾਲ ਕੁੱਝ ਲੋਕ ਰੰਜਿਸ਼ ਰੱਖਦੇ ਸਨ ਜਿਸ ਦੇ ਚਲਦਿਆ ਉਸ ਨੂੰ ਬੀਤੀ ਰਾਤ ਖਡੂਰ ਸਾਹਿਬ ਦੇ ਗੈਸਟ ਹਾਊਸ ਨਜ਼ਦੀਕ ਕਤਲ ਕਰ ਦਿੱਤਾ ਗਿਆ ਹੈ।
ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆ ਦਾ ਪਿਤਾ ਸੀ। ਪੀੜਤ ਪਰਿਵਾਰ ਵੱਲੋਂ ਕੁੱਝ ਵਿਅਕੀਤਆਂ ’ਤੇ ਕਤਲ ਕਰਨ ਦੇ ਦੋਸ਼ ਲਾਏ ਹਨ ਅਤੇ ਪੁਲੀਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਮੌਕੇ ’ਤੇ ਪਹੁੰਚੀ ਥਾਣਾ ਗੋਇੰਦਵਾਲ ਸਾਹਿਬ ਦੀ ਐਸਐਚਓ ਬਲਜੀਤ ਕੌਰ ਨੇ ਆਖਿਆ ਕਿ ਪੀੜਤ ਦੇ ਬਿਆਨਾ ਅਨੁਸਾਰ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ, ਜਾਂਚ ਉਪਰੰਤ ਜੋ ਤੱਥ ਸਾਹਮਣੇ ਆਉਣਗੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਸਥਿਤ ਉਕਤ ਸਰਕਾਰੀ ਗੈਸਟ ਹਾਊਸ ਖਾਲੀ ਹੋਣ ਕਾਰਨ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ। ਜਿੱਥੇ ਨਸ਼ਾ ਕਰਨ ਦੇ ਆਦੀ ਨੌਜਵਾਨ ਅਕਸਰ ਨਸ਼ਾ ਕਰਦੇ ਦਿਖਾਈ ਦਿੰਦੇ ਹਨ।












