ਚੰਡੀਗੜ੍ਹ, 15 ਜਨਵਰੀ 2022 – ਅਗਲੇ ਦੋ ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹੋਰ ਠੰਢ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਜੇ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਪਿਛਲੇ ਦਿਨਾਂ ਵਾਂਗ ਸੂਰਜ ਘੱਟ ਹੀ ਦਿਖਾਈ ਦੇਵੇਗਾ, ਧੁੰਦ ‘ਚ ਵਾਧਾ ਹੋਵੇਗਾ ਅਤੇ ਸ਼ੀਤ ਲਹਿਰ ‘ਚ ਵੀ ਵਾਧਾ ਹੋਵੇਗਾ।
ਜਦੋਂ ਨਵਾਂ ਸਾਲ 2022 ਸ਼ੁਰੂ ਹੋਇਆ ਹੈ ਪੰਜਾਬ ਸਮੇਤ ਉੱਤਰੀ ਭਾਰਤ ‘ਚ ਸ਼ੀਤ ਲਹਿਰ ਨੇ ਜ਼ੋਰ ਫੜ੍ਹਿਆ ਹੈ ਅਤੇ ਨਵੇਂ ਸਾਲ ਦੇ ਪਹਿਲੇ ਹਫਤੇ ਮੀਂਹ ਪੈਂਦਾ ਰਿਹਾ ਪਰ ਹੁਣ ਮੀਂਹ ਹਟਣ ਤੋਂ ਬਾਅਦ ਧੁੰਦ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਠੰਢ ‘ਚ ਹੋਰ ਵੀ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਵੀ ਇਸ ਸਬੰਧੀ ਕਿਹਾ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਮੌਸਮ ਅਜਿਹਾ ਹੀ ਰਹੇਗਾ ਅਤੇ ਠੰਢ ਤੋਂ ਕੁੱਝ ਖਾਸ ਰਾਹਤ ਨਹੀਂ ਮਿਲੇਗੀ।
ਅਗਲੇ 24 ਘੰਟਿਆਂ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ, ਪੱਛਮੀ ਹਿਮਾਲਿਆ ਖੇਤਰ ਵਿੱਚ ਅਗਲੇ ਦੋ ਦਿਨਾਂ ਦੌਰਾਨ ਰਾਜਸਥਾਨ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ ਵਿੱਚ ਰਾਤ/ਸਵੇਰ ਦੇ ਘੰਟਿਆਂ ਦੌਰਾਨ ਬਹੁਤ ਸੰਘਣੀ ਧੁੰਦ ਪੈਣ ਦੀ ਬਹੁਤ ਸੰਭਾਵਨਾ ਹੈ। ਕਈ ਸੂਬਿਆਂ ‘ਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜਿਸ ਨਾਲ ਠੰਢ ਹੋਰ ਵੀ ਵਧੇਗੀ।
ਆਈਐਮਡੀ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਅਤੇ ਉਸ ਤੋਂ ਬਾਅਦ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ।












