ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੇ ਹਜ਼ਾਰਾਂ ਕਿਸਾਨ ਅੱਜ ਚੰਡੀਗੜ੍ਹ ਵਿਖੇ ਮੋਰਚਾ ਲਾਉਣ ਦੀ ਤਿਆਰੀ ‘ਚ ਹਨ। ਚੰਡੀਗੜ੍ਹ ਪੁਲਿਸ-ਪ੍ਰਸ਼ਾਸਨ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਧਰਨੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਪ੍ਰਸ਼ਾਸਨ ਨੂੰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ, ਕਿਉਂਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੋਂ ਹਨ।
ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵੀ ਕਿਸਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮੋਰਚਾ ਨਾ ਲਾਉਣ ਲਈ ਕਿਹਾ। 20 ਅਗਸਤ ਨੂੰ ਉਨ੍ਹਾਂ ਨੇ ਕਿਸਾਨਾਂ ਨਾਲ ਕਾਫੀ ਸਮਾਂ ਮੀਟਿੰਗ ਕੀਤੀ ਸੀ। ਪੰਜਾਬ ਦੇ ਰਾਜਪਾਲ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਰਾਜਪਾਲ ਨੂੰ ਮਿਲ ਚੁੱਕੇ ਹਾਂ, ਉਸੇ ਤਰ੍ਹਾਂ ਰਾਜਪਾਲ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਦੇ ਮੁੱਖ ਸਕੱਤਰ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ ਕਿ ਇਨ੍ਹਾਂ ਮੰਗਾਂ ਵੱਲ ਧਿਆਨ ਦੇਣ। ਦੂਜੇ ਪਾਸੇ ਰਾਜਪਾਲ ਦੀ ਤਰਫੋਂ ਕੇਂਦਰ ਨਾਲ ਕਿਸਾਨਾਂ ਦੀਆਂ ਮੰਗਾਂ ਸਬੰਧੀ ਗ੍ਰਹਿ ਮੰਤਰੀ ਨੂੰ ਪੱਤਰ ਭੇਜਣ ਦੀ ਗੱਲ ਕਹੀ ਗਈ ਹੈ।
ਦੱਸ ਦਈਏ ਕਿ ਹਾਲ ਹੀ ‘ਚ ਹਰਿਆਣਾ ਅਤੇ ਪੰਜਾਬ ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲੀ। ਦੋਵਾਂ ਰਾਜਾਂ ਦੇ ਕਈ ਜ਼ਿਲ੍ਹੇ ਪਾਣੀ ਵਿੱਚ ਡੁੱਬ ਗਏ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਇੰਨਾ ਹੀ ਨਹੀਂ ਮੀਂਹ ਕਾਰਨ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਹੜ੍ਹ ਤੋਂ ਬਾਅਦ ਹੁਣ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ। ਕੱਲ ਯਾਨੀ 22 ਅਗਸਤ ਨੂੰ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਨਗੇ।
ਕਿਸਾਨਾਂ ਦੀਆਂ ਮੁੱਖ ਮੰਗਾਂ-
- ਕੇਂਦਰ ਸਰਕਾਰ ਤੋਂ 50 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ।
- ਘੱਗਰ ਸਕੀਮ ਤਹਿਤ ਸਾਰੀਆਂ ਨਦੀਆਂ ਦਾ ਸਥਾਈ ਹੱਲ ਕੱਢਿਆ ਜਾਵੇ, ਤਾਂ ਜੋ ਭਵਿੱਖ ਵਿੱਚ ਹੜ੍ਹਾਂ ਵਰਗੀਆਂ ਸਥਿਤੀਆਂ ਨਾਲ ਨਜਿੱਠਿਆ ਜਾ ਸਕੇ।
- ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ।
- ਹੜ੍ਹਾਂ ਕਾਰਨ ਪਸ਼ੂਆਂ ਦੀ ਮੌਤ ਅਤੇ ਬੋਰਵੈੱਲਾਂ ਦੇ ਨੁਕਸਾਨ ਲਈ ਮੁਆਵਜ਼ਾ।
- ਹੜ੍ਹ ‘ਚ ਜਾਨ ਗਵਾਉਣ ਵਾਲੇ ਪਰਿਵਾਰਾਂ ਦੇ ਆਸ਼ਰਿਤਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ।
-1 ਸਾਲ ਲਈ ਹਰ ਤਰ੍ਹਾਂ ਦੇ ਕਰਜ਼ੇ ਅਤੇ ਵਿਆਜ ਮੁਆਫ ਕਰਨ ਦੀ ਮੰਗ












