ਬੀਤੇ ਦਿਨ ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਲੈਂਟਰ ਡਿੱਗਣ ਨਾਲ ਇੱਕ ਅਧਿਆਪਕ ਰਵਿੰਦਰਪਾਲ ਕੌਰ ਦੀ ਮੌਤ ਹੋ ਗਈ। ਮ੍ਰਿਤਕ ਅਧਿਆਪਕਾ ਰਵਿੰਦਰ ਕੌਰ ਦਾ ਅੱਜ (ਵੀਰਵਾਰ) ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਸਦੇ ਪਤੀ-ਪੁੱਤਰ ਨੇ ਮਿਲ ਕੇ ਚਿਤਾ ਨੂੰ ਮੁਖ ਅਗਨੀ ਦਿੱਤੀ। ਇਹ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।

ਇਸ ਤੋਂ ਪਹਿਲਾਂ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਸੀ। ਸੂਤਰਾਂ ਮੁਤਾਬਕ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਅਧਿਆਪਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਹਾਦਸੇ ਤੋਂ ਬਾਅਦ ਅਧਿਆਪਕ ਨੂੰ ਕਰੀਬ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਮਲਬੇ ਹੇਠੋਂ ਬਾਹਰ ਕੱਢਿਆ ਗਿਆ।
ਜਾਣਕਾਰੀ ਮੁਤਾਬਿਕ ਰਵਿੰਦਰਪਾਲ ਕੌਰ ਸਮਾਜਿਕ ਵਿਸ਼ੇ ਦੀ ਅਧਿਆਪਕ ਸੀ। ਉਹ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਸੀ। ਜੂਨ ਮਹੀਨੇ ਵਿੱਚ ਹੀ ਉਹ ਨੂਰਪੁਰ ਬੇਟ ਤੋਂ ਬੱਦੋਵਾਲ ਦੇ ਸਰਕਾਰੀ ਸਕੂਲ ਵਿੱਚ ਬਦਲੀ ਕਰਵਾ ਕੇ ਆਈ ਸੀ। ਉਹ ਲੁਧਿਆਣਾ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਰਹਿੰਦੀ ਸੀ। ਉਸ ਦਾ ਇੱਕ ਪੁੱਤਰ ਅਤੇ ਪਤੀ ਮਨਦੀਪ ਸਿੰਘ ਹੈ।












