ਚੰਡੀਗੜ੍ਹ ‘ਚ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਕਾਲਾਗ੍ਰਾਮ ਲਾਈਟ ਪੁਆਇੰਟ ‘ਤੇ ਵਾਪਰੀ। ਅੱਗ ਲੱਗਣ ਤੋਂ ਬਾਅਦ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸਾ ਕਾਰ ਦੇ ਅੰਦਰ ਬਿਜਲੀ ਦੀਆਂ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਰਕੇ ਵਾਪਰਿਆ। ਕਾਰ ਚਾਲਕ ਦੀ ਪਛਾਣ ਖੁਸ਼ਹਾਲ ਸਿੰਘ ਵਾਸੀ ਪੀਰਮੁਸੱਲਾ ਜ਼ੀਰਕਪੁਰ ਵਜੋਂ ਹੋਈ ਹੈ।
ਕਾਰ ਨੂੰ ਅੱਗ ਲੱਗੀ ਦੇਖ ਕੇ ਰਾਹਗੀਰ ਰੁਕ ਗਏ। ਉਹਨਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਟੀਮ ਨੇ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਹੋਣ ਦਿੱਤੀ।
ਜਾਣਂਕਾਰੀ ਦਿੰਦਿਆਂ ਕਾਰ ਮਾਲਕ ਨੇ ਦੱਸਿਆ ਕਿ ਉਹ ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਕੰਮ ਕਰਦਾ ਹੈ ਅਤੇ ਉਹ ਪੰਚਕੂਲਾ ਦੇ ਸੈਕਟਰ 26 ਵੱਲ ਜਾ ਰਿਹਾ ਸੀ। ਜਦੋਂ ਉਹ ਕਲਾਗ੍ਰਾਮ ਦੀ ਟ੍ਰੈਫਿਕ ਲਾਈਟ ‘ਤੇ ਰੁਕਿਆ ਤਾਂ ਉਸ ਨੇ ਆਪਣੀ ਕਾਰ ‘ਚੋਂ ਧੂੰਆਂ ਨਿਕਲਦਾ ਦੇਖਿਆ। ਜਦੋਂ ਉਸ ਨੇ ਇਸ ਨੂੰ ਰੋਕਿਆ ਤਾਂ ਦੇਖਿਆ ਕਿ ਬੋਨਟ ਦੇ ਅੰਦਰ ਸ਼ਾਰਟ ਸਰਕਟ ਹੋਣ ਕਾਰਨ ਧੂੰਆਂ ਨਿਕਲ ਰਿਹਾ ਸੀ। ਉਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦੀ ਇੰਡੀਕਾ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ।












