ਪੁਲਿਸ ਨੇ ਪੰਚਕੂਲਾ ‘ਚ ਇਕ ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ ਚਲਾ ਦਿੱਤਾ। ਪੁਲਿਸ ਨੇ ਨਾਜਾਇਜ਼ ਤੌਰ ’ਤੇ ਬਣੇ ਮਕਾਨ ਨੂੰ ਢਾਹ ਦਿੱਤਾ ਹੈ। ਮੁਲਜ਼ਮਾਂ ਨੇ ਇਹ ਘਰ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਦੀ ਜ਼ਮੀਨ ’ਤੇ ਗ਼ੈਰਕਾਨੂੰਨੀ ਢੰਗ ਨਾਲ ਬਣਾਇਆ ਸੀ।
ਮੁਲਜ਼ਮ ਦੀ ਪਛਾਣ ਰਿੰਕੂ ਵਾਸੀ ਖੜਕ ਮਗੋਂਲੀ ਵਜੋਂ ਹੋਈ ਹੈ। ਦੱਸ ਦਈਏ ਕਿ ਪੰਚਕੂਲਾ ਦੇ ਰਾਮਗੜ੍ਹ ਦੇ ਰਹਿਣ ਵਾਲੇ ਸੰਦੀਪ ਦੀ ਅਕਤੂਬਰ ਮਹੀਨੇ ਮੌਤ ਹੋ ਗਈ ਸੀ। ਸੰਦੀਪ ਮੁਲਜ਼ਮ ਰਿੰਕੂ ਤੋਂ ਨਸ਼ਾ ਲੈਂਦਾ ਸੀ। ਮੁਲਜ਼ਮਾਂ ਖ਼ਿਲਾਫ਼ ਪੰਚਕੂਲਾ ਸੈਕਟਰ-7 ਵਿੱਚ ਆਈਪੀਸੀ ਦੀ ਧਾਰਾ 304 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਪੁਲਿਸ ਦੇ ਡਿਪਟੀ ਕਮਿਸ਼ਨਰ ਮੁਕੇਸ਼ ਮਲਹੋਤਰਾ ਨੇ ਦੱਸਿਆ ਕਿ ਪੰਚਕੂਲਾ ਵਿੱਚ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜੇਕਰ ਲੋੜ ਪਈ ਤਾਂ ਪਹਿਲ ਦੇ ਆਧਾਰ ‘ਤੇ ਹੋਰ ਨਸ਼ਾ ਤਸਕਰਾਂ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।
ਪੰਚਕੂਲਾ ਵਿੱਚ ਨਸ਼ਿਆਂ ਦੀ ਤਸਕਰੀ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ। ਨਸ਼ਾ ਤਸਕਰਾਂ ਨੂੰ ਪੰਚਕੂਲਾ ਛੱਡਣਾ ਪਵੇਗਾ। ਨਸ਼ਾ ਤਸਕਰੀ ਨੂੰ ਰੋਕਣ ਲਈ ਪੰਚਕੂਲਾ ਪੁਲਿਸ ਵੱਲੋਂ ਚਾਰ ਟੀਮਾਂ ਬਣਾਈਆਂ ਗਈਆਂ ਹਨ। ਉਹ ਨਸ਼ੇੜੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਕਰਵਾਉਣ, ਜ਼ਮਾਨਤ ‘ਤੇ ਰਿਹਾਅ ਹੋ ਚੁੱਕੇ ਨਸ਼ਾ ਤਸਕਰਾਂ ‘ਤੇ ਨਜ਼ਰ ਰੱਖਣ ਅਤੇ ਅਜਿਹੇ ਨਸ਼ਾ ਤਸਕਰਾਂ ਬਾਰੇ ਰਿਪੋਰਟ ਤਿਆਰ ਕਰਨ ਦਾ ਕੰਮ ਕਰ ਰਹੀ ਹੈ।












