ਲੁਧਿਆਣਾ ‘ਚ ਪੁਲਿਸ ਨੇ ਲਿਫਟ ਮੰਗ ਕੇ ਲੋਕਾਂ ਨੂੰ ਫਸਾਉਣ ਵਾਲੀ ‘ਲੁਟੇਰੀ ਹਸੀਨਾ’ ਨੂੰ ਕਾਬੂ ਕਰ ਲਿਆ ਹੈ। ਔਰਤ ਨੇ ਹਾਲ ਹੀ ‘ਚ ਬੈਂਕ ਕਰਮਚਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਔਰਤ ਨੇ ਪਹਿਲਾਂ ਉਸ ਤੋਂ ਲਿਫਟ ਮੰਗੀ। ਕਾਰ ‘ਚ ਬੈਠਣ ਤੋਂ ਬਾਅਦ ਉਸ ਨੇ ਉਕਤ ਵਿਅਕਤੀ ਨਾਲ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਕਤ ਵਿਅਕਤੀ ਉਸ ਦੇ ਚੁੰਗਲ ‘ਚ ਨਾ ਫਸਿਆ ਤਾਂ ਉਸ ਨੇ ਵਿਅਕਤੀ ਦੇ ਪੇਟ ‘ਤੇ ਚਾਕੂ ਰੱਖ ਦਿੱਤਾ।
ਔਰਤ ਨੇ ਉਸਨੂੰ ਕਿਹਾ ਕਿ ਉਸਦੇ ਦੋਸਤ ਕਾਰ ਵਿੱਚ ਪਿੱਛੇ ਆ ਰਹੇ ਸਨ। ਜੇਕਰ ਉਸ ਨੇ ਨਕਦੀ ਅਤੇ ਸੋਨਾ ਨਾ ਦਿੱਤਾ ਤਾਂ ਉਹ ਉਸ ਨੂੰ ਕਾਰ ਵਿਚ ਹੀ ਮਾਰ ਦੇਣਗੇ। ਇਸ ਤੋਂ ਬਾਅਦ ਉਹ ਸੋਨਾ ਅਤੇ ਨਕਦੀ ਲੈ ਕੇ ਭੱਜ ਗਏ। ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਬੈਂਕ ਮੁਲਾਜ਼ਮ ਰੋਹਿਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਜਲੰਧਰ ਵਿੱਚ ਆਪਣੀ ਡਿਊਟੀ ਖ਼ਤਮ ਕਰਕੇ ਘਰ ਜਾ ਰਿਹਾ ਸੀ। ਲਾਡੋਵਾਲ ਨੇੜੇ ਇਕ ਔਰਤ ਨੇ ਉਸ ਕੋਲੋਂ ਸੜਕ ‘ਤੇ ਲਿਫਟ ਮੰਗੀ। ਜਦੋਂ ਉਸਨੇ ਔਰਤ ਨੂੰ ਜਗ੍ਹਾ ਬਾਰੇ ਪੁੱਛਿਆ ਤਾਂ ਉਸਨੇ ਉਸਨੂੰ ਬਾਈਪਾਸ ‘ਤੇ ਛੱਡਣ ਲਈ ਕਿਹਾ । ਇਸ ਤੋਂ ਬਾਅਦ ਉਹ ਕਾਰ ‘ਚ ਬੈਠ ਗਈ। ਜਿਵੇਂ ਹੀ ਉਹ ਲਾਡੋਵਾਲ ਪੁਲ ਤੋਂ ਹੇਠਾਂ ਉਤਰਿਆ ਤਾਂ ਔਰਤ ਨੇ ਉਸ ਨੂੰ ਕਾਰ ਰੋਕਣ ਲਈ ਕਿਹਾ। ਔਰਤ ਨੇ ਚਾਕੂ ਕੱਢ ਕੇ ਉਸ ਦੇ ਪੇਟ ‘ਤੇ ਰੱਖ ਦਿੱਤਾ।











