ਫਤਹਿਗੜ੍ਹ ਸਾਹਿਬ, 8 ਜਨਵਰੀ 2024 – ਸਿੱਖ ਕੌਮ ਦਾ ਇਤਿਹਾਸ ਸੰਸਾਰ ਦੀਆਂ ਜੁਝਾਰੂ ਕੌਮਾਂ ਵਿਚੋਂ ਸਭ ਤੋਂ ਵੱਧ ਕੁਰਬਾਨੀ ਨਾਲ ਭਰਿਆ ਇਤਿਹਾਸ ਹੈ। ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਇਤਿਹਾਸ ਦੇ ਪੰਨਿਆ ਵਿੱਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ, ਤਾਂ ਉਸ ਦੀ ਸ਼ੁਰੂਆਤ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਹੁੰਦੀ ਹੈ। ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਜੋ ਕਿ ਵਿਸ਼ਵ ਵਿਚ ਸ਼ਹਾਦਤ ਦੀ ਧਰਤੀ ਵੱਜੋਂ ਜਾਣੀ ਜਾਂਦੀ ਹੈ। ਜਿਸ ਸਥਾਨ ਉੱਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਥੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਸ਼ੋਸ਼ਭਿਤ ਹੈ। ਉੱਥੇ ਹੀ ਇਹ ਧਰਤੀ ਵਿਸ਼ਵ ਦੀ ਸਭ ਤੋਂ ਮਹਿੰਗੀ ਧਰਤੀ ਵੀ ਹੈ। ਜਿਥੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦਾ ਸਸਕਾਰ ਕੀਤਾ ਗਿਆ ਸੀ, ਉਥੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਸ਼ੋਸ਼ਭਿਤ ਹੈ।
‘ਨਿੱਕੀਆਂ ਜਿੰਦਾਂ-ਵੱਡੇ ਸਾਕੇ’ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਕੁਰਬਾਨੀ ਸੀ ਜਿਸ ‘ਚ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਨੀਹਾਂ ‘ਚ ਜ਼ਿੰਦਾ ਚਿਣਵਾ ਦਿੱਤਾ ਗਿਆ ਸੀ। ਉਸ ਵੇਲੇ ਬਾਬਾ ਜੋਰਾਵਰ ਸਿੰਘ ਦੀ ਉਮਰ 9 ਸਾਲ, ਬਾਬਾ ਫਤਿਹ ਸਿੰਘ ਦੀ ਉਮਰ 7 ਸਾਲ ਸੀ।
ਛੋਟੇ-ਛੋਟੇ ਬੱੱਚਿਆਂ ਨੇ ਹੱਸਦੇ ਹੱਸਦੇ ਮੌਤ ਸਵੀਕਾਰ ਕਰ ਲਈ ਪਰ ਧਰਮ ਬਦਲਣ ਦੀ ਹਾਮੀ ਨਹੀਂ ਭਰੀ। ਸੂਬਾ ਸਰਹਿੰਦ ਵੱਲੋਂ ਦੋਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਠੰਡੇ ਬੁਰਜ ‘ਚ ਕਈ ਦਿਨ ਭੁੱਖਿਆਂ ਰੱਖਿਆ ਗਿਆ। ਪਰ ਦੋਨ੍ਹਾਂ ਸਾਹਿਬਜ਼ਾਦਿਆਂ ਨੇ ਹਾਰ ਨਹੀਂ ਮੰਨੀ। ਉਸ ਸਮੇਂ ਸਿਰਫ ਬਾਬਾ ਮੋਤੀ ਰਾਮ ਮਹਿਰਾ ਜੀ ਅਜਿਹੀ ਸ਼ਖਸੀਅਤ ਸਨ। ਜਿਨ੍ਹਾਂ ਨੇ ਸੂਬਾ ਸਰਹਿੰਦ ਤੋਂ ਬੇਖੌਫ ਹੋ ਕੇ ਦੋਨਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਨੂੰ ਗਰਮ ਦੁੱਧ ਪਿਆਇਆ ਸੀ।
ਆਖਿਰਕਾਰ ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਦੋਨਾਂ ਸਾਹਿਬਜ਼ਾਦਿਆਂ ਨੂੰ ਜਿਉਂਦਾ ਦੀਵਾਰਾਂ ‘ਚ ਚਿਣਵਾ ਦਿੱਤਾ ਗਿਆ ਅਤੇ ਬਾਬਾ ਜੋਰਾਵਰ ਸਿੰਘ 9 ਸਾਲ,ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਤਿੰਨ ਦਿਨ ਸ਼ਹੀਦੀ ਸਭਾ ਹੁੰਦੀ ਹੈ। ਇਸ ਲਈ ਬਲਿਦਾਨ ਨਾਲ ਜੁੜੀ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਵਿਸ਼ਵ ਦੇ ਨਕਸ਼ੇ ਵਿੱਚ ਆਪਣੀ ਇਕ ਖਾਸ ਥਾਂ ਰੱਖਦੀ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਬਹਾਦਰੀ ਅਤੇ ਸਿਦਕ ਤੋਂ ਨਾ ਡੋਲਣ ਦੇਣ ਦੀ ਸਿੱਖਿਆ ਦੇਣ ਵਾਲੀ ਘਟਨਾ ਹੈ। ਇਸ ਘਟਨਾ ਵਿਚ ਜਿਥੇ ਸਿਦਕ, ਸ਼ਰਧਾ ਅਤੇ ਕੁਰਬਾਨੀ ਦੀ ਸਿਖਰ ਦੇਖੀ ਜਾ ਸਕਦੀ ਹੈ, ਉਥੇ ਸੱਤਾ ਦੀ ਦਰਿੰਦਗੀ ਅਤੇ ਨਿਰਦੈਤਾ ਦੀ ਵੀ ਇਹ ਸਿਖਰਲੀ ਮਿਸਾਲ ਪੇਸ਼ ਕਰਦੀ ਹੈ, ਜਿਸ ਨੂੰ ਲੈ ਕੇ ਸਮੁੱਚਾ ਮਾਨਵੀ ਇਤਿਹਾਸ ਹੀ ਸ਼ਰਮਸ਼ਾਰ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਪੂਰੀ ਸਿੱਖ ਕੌਮ ਦੇ ਜੀਵਨ ਨੂੰ ਇਕ ਨਵਾਂ ਮੋੜ ਦਿੱਤਾ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਪੀੜ ਅਜੇ ਤਕ ਵੀ ਅਚੇਤ ਹੀ ਸਿੱਖ-ਮਨ ਵਿਚ ਰਮੀ ਹੋਈ ਹੈ। ਇਸ ਤਰ੍ਹਾਂ ਦੀਆਂ ਕੁਰਬਾਨੀਆਂ ਹੀ ਸਿੱਖ ਕਿਰਦਾਰ ਦੀ ਨੀਂਹ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਘਟਨਾ ਨੂੰ ਤਿੰਨ ਸੌ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਇਸ ਘਟਨਾ ਦੀ ਪੀੜ ਅਜੇ ਵੀ ਘਟ ਨਹੀਂ ਹੋ ਰਹੀ। ਦਸੰਬਰ ਦੇ ਮਹੀਨੇ ਸਿੱਖ ਪੰਥ ਇਸ ਸ਼ਹਾਦਤ ਦੇ ਅਦੁੱਤੀ ਸਾਕੇ ਨੂੰ ਯਾਦ ਕਰਦਾ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਸਭਾ ਲਗਦੀ ਹੈ।












