ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਨਵਾਦੀ ਦੀ 9 ਸਾਲਾ ਗਰਿਮਾ ਨੂੰ ਸਮਾਜਿਕ ਕੰਮਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2024 ਲਈ ਚੁਣਿਆ ਗਿਆ ਹੈ। ਗਰਿਮਾ ਪੂਰੇ ਹਰਿਆਣਾ ਦੀ ਇਕਲੌਤੀ ਲੜਕੀ ਹੈ ਜਿਸ ਨੂੰ ਇਸ ਸਾਲ ਰਾਸ਼ਟਰੀ ਬਾਲ ਪੁਰਸਕਾਰ 2024 ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ 22 ਜਨਵਰੀ ਨੂੰ ਵਿਗਿਆਨ ਭਵਨ ‘ਚ ਆਯੋਜਿਤ ਪ੍ਰੋਗਰਾਮ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਦਿੱਤਾ ਜਾਵੇਗਾ।
ਦੱਸ ਦਈਏ ਕਿ ਗਰਿਮਾ ਇੱਕ ਨੇਤਰਹੀਣ ਲੜਕੀ ਹੈ, ਜੋ “ਸਾਕਸ਼ਰ ਪਾਠਸ਼ਾਲਾ” ਨਾਮਕ ਆਪਣੀ ਪਹਿਲਕਦਮੀ ਰਾਹੀਂ ਗਰੀਬ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਹੁਣ ਤੱਕ ਉਹ ਇੱਕ ਹਜ਼ਾਰ ਤੋਂ ਵੱਧ ਬੱਚਿਆਂ ਨਾਲ ਜੁੜ ਚੁੱਕੀ ਹੈ। ਬੱਚਿਆਂ ਨੂੰ ਸਿੱਖਿਅਤ ਕਰਨ ਦੇ ਉਸ ਦੇ ਅਸਾਧਾਰਨ ਯਤਨਾਂ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਬੱਚਿਆਂ ਨੂੰ ਬੇਮਿਸਾਲ ਯੋਗਤਾਵਾਂ ਅਤੇ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਰਾਸ਼ਟਰੀ ਪੱਧਰ ਦੇ ਪੁਰਸਕਾਰ 5 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਬਹਾਦਰੀ, ਕਲਾ ਅਤੇ ਸੱਭਿਆਚਾਰ, ਵਾਤਾਵਰਣ, ਨਵੀਨਤਾ, ਵਿਗਿਆਨ ਅਤੇ ਤਕਨਾਲੋਜੀ, ਸਮਾਜ ਸੇਵਾ ਅਤੇ ਖੇਡਾਂ ਵਰਗੀਆਂ ਸੱਤ ਸ਼੍ਰੇਣੀਆਂ ਵਿੱਚ ਉੱਤਮਤਾ ਲਈ ਦਿੱਤੇ ਜਾਂਦੇ ਹਨ।
PMRBP ਦੇ ਹਰੇਕ ਪੁਰਸਕਾਰ ਜੇਤੂ ਨੂੰ ਇੱਕ ਮੈਡਲ, ਸਰਟੀਫਿਕੇਟ ਅਤੇ ਇੱਕ ਪ੍ਰਸ਼ੰਸਾ ਪੱਤਰ ਪੁਸਤਕ ਦਿੱਤੀ ਜਾਂਦੀ ਹੈ। ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਦੁਆਰਾ 22 ਜਨਵਰੀ, 2024 ਨੂੰ ਵਿਗਿਆਨ ਭਵਨ ਵਿਖੇ ਹੋਣ ਵਾਲੇ ਇੱਕ ਸਮਾਗਮ ਵਿੱਚ ਪ੍ਰਦਾਨ ਕੀਤੇ ਜਾਣਗੇ। ਦੇਸ਼ ਦੇ ਸਾਰੇ ਖੇਤਰਾਂ ਵਿੱਚੋਂ 19 ਬੱਚਿਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਾਲ 2024 ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ।
ਮਹਿੰਦਰਗੜ੍ਹ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਬੱਚਿਆਂ ਵਿੱਚ ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਲੜਕੀ ਦਾ ਨਾਂ ਸਾਹਮਣੇ ਆਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜਨਵਰੀ, 2024 ਨੂੰ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨੂੰ ਮਿਲਣਗੇ। ਬੱਚੇ 26 ਜਨਵਰੀ 2024 ਨੂੰ ਗਣਤੰਤਰ ਦਿਵਸ ਪਰੇਡ ਵਿੱਚ ਵੀ ਹਿੱਸਾ ਲੈਣਗੇ। ਚਾਰ ਬੱਚੇ ਸਮਾਜ ਸੇਵੀ ਸ਼੍ਰੇਣੀ ਵਿੱਚ ਸ਼ਾਮਲ ਹਨ। ਸੂਚੀ ਵਿੱਚ 9 ਲੜਕੇ ਅਤੇ 10 ਲੜਕੀਆਂ ਸ਼ਾਮਲ ਹਨ। ਇਹ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹਨ।
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਗਰਿਮਾ ਨੇ ਕਿਹਾ ਕਿ ਉਹ ਇਸ ਪੁਰਸਕਾਰ ਨਾਲ ਖੁਸ਼ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।












