ਤਰਨਤਾਰਨ ਦੇ ਪਿੰਡ ਸਿੰਘਪੁਰਾ ‘ਚ ਬੀ.ਐਸ.ਐਫ ਛਾਉਣੀ ਨੇੜੇ ਹੋਏ ਸੜਕ ਹਾਦਸੇ ‘ਚ ਇੱਕ ਨਵ-ਵਿਆਹੁਤਾ ਜੋੜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਸਿੰਘਪੁਰਾ ਦਾ ਰਹਿਣ ਵਾਲਾ ਇੱਕ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।ਮ੍ਰਿਤਕਾਂ ਦੀ ਪਹਿਚਾਣ ਅਰਸ਼ਪ੍ਰੀਤ ਸਿੰਘ ਅਤੇ ਕਾਜਲ ਜੋ ਪਿੰਡ ਵਾਸੀਆ ਵਜੋਂ ਹੋਈ ਹੈ।
ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਅਤੇ ਕਾਜਲ ਦੇ ਵਿਆਹ ਨੂੰ 4 ਮਹੀਨੇ ਬੀਤ ਚੁੱਕੇ ਹਨ ਅਤੇ ਅੱਜ ਉਹ ਭਿੱਖੀਵਿੰਡ ਵਿਖੇ ਦਵਾਈ ਲੈਣ ਆਏ ਸਨ, ਜਦੋਂ ਉਨ੍ਹਾਂ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ।
ਕਿਸੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਉਸ ਦੇ ਲੜਕੇ ਅਰਸ਼ਦੀਪ ਸਿੰਘ ਅਤੇ ਕਾਜਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਮੋਟਰਸਾਈਕਲ ‘ਤੇ ਸਵਾਰ ਇਕ ਹੋਰ ਵਿਅਕਤੀ ਜਿਸ ਦਾ ਨਾਂ ਜਸਪਾਲ ਸਿੰਘ ਵਾਸੀ ਸਿੰਘਪੁਰਾ ਹੈ, ਇਸ ਹਾਦਸੇ ‘ਚ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਉਸ ਨੂੰ ਕਿਸੇ ਰਾਹਗੀਰ ਦੀ ਮਦਦ ਨਾਲ ਭਿੱਖੀਵਿੰਡ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਮੌਕੇ ’ਤੇ ਮੌਜੂਦ ਚੌਕੀ ਸੁਰਸਿੰਘ ਪੁਲਿਸ ਦੇ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।












