ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ (134 ਸੀਟਾਂ) ਨਹੀਂ ਮਿਲਿਆਂ। ਹੁਣ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਸਰਕਾਰ ਬਣਾਉਣ ਲਈ ਸਮੀਕਰਨ ਤਿਆਰ ਕਰ ਰਹੇ ਹਨ।
ਇਸਦੇ ਚਲਦੇ ਬੀਤੇ ਸੋਮਵਾਰ ਨੂੰ ਪੀਪੀਪੀ ਦੀ ਮੀਟਿੰਗ ਹੋਈ ਸੀ। ਸਮਾ ਟੀਵੀ ਮੁਤਾਬਕ ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵਾਜ਼ ਦੀ ਪਾਰਟੀ ਨਾਲ ਨਹੀਂ ਜਾਣਾ ਚਾਹੀਦਾ। ਇੱਕ ਪਾਸੇ ਪੰਜਾਬ ਦੇ ਪਾਰਟੀ ਆਗੂਆਂ ਨੇ ਪੀ.ਐਮ.ਐਲ.-ਐਨ ਨਾਲ ਜਾਣ ਲਈ ਜ਼ੋਰ ਪਾਇਆ। ਇਸ ਦੇ ਨਾਲ ਹੀ ਹੋਰ ਨੇਤਾਵਾਂ ਨੇ ਇਸ ਦੇ ਖਿਲਾਫ ਸਲਾਹ ਦਿੱਤੀ ਹੈ। ਪਾਰਟੀ ਦੀ ਮੀਟਿੰਗ ਅੱਜ ਫਿਰ ਹੋਵੇਗੀ।
ਦੱਸ ਦਈਏ ਕਿ ਬੀਤੇ ਸੋਮਵਾਰ ਸ਼ਾਮ ‘ਜੀਓ ਨਿਊਜ਼ ਲਾਈਵ’ ਦੀ ਰਿਪੋਰਟ ‘ਚ ਇਕ ਨਵਾਂ ਦਾਅਵਾ ਸਾਹਮਣੇ ਆਇਆ ਹੈ। ਇਸ ਹਿਸਾਬ ਨਾਲ ਦੋਵੇਂ ਪਾਰਟੀਆਂ ਸੱਤਾ ਵੰਡ ਦੇ ਫਾਰਮੂਲੇ ‘ਤੇ ਵਿਚਾਰ ਕਰ ਰਹੀਆਂ ਹਨ। ਇਸ ਦੇ ਤਹਿਤ 5 ਸਾਲਾਂ ਦੇ ਕਾਰਜਕਾਲ ‘ਚੋਂ ਸ਼ਾਹਬਾਜ਼ ਸ਼ਰੀਫ 3 ਸਾਲ ਲਈ ਵਜ਼ੀਰ-ਏ ਆਜ਼ਮ ਭਾਵ ਪ੍ਰਧਾਨ ਮੰਤਰੀ ਅਤੇ ਬਿਲਾਵਲ ਭੁੱਟੋ ਜ਼ਰਦਾਰੀ 2 ਸਾਲ ਲਈ ਵਜ਼ੀਰ-ਏ-ਆਜ਼ਮ ਹੋਣਗੇ।
2013 ਵਿੱਚ ਬਲੋਚਿਸਤਾਨ ਸੂਬੇ ਵਿੱਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਸੀ। ਉਦੋਂ ਪੀਐਮਐਲ-ਐਨ ਅਤੇ ਨੈਸ਼ਨਲ ਪਾਰਟੀ (ਐਨਪੀ) ਨੇ ਮੁੱਖ ਮੰਤਰੀ ਦੇ ਅਹੁਦੇ ਲਈ ਅਜਿਹਾ ਸਮਝੌਤਾ ਕੀਤਾ ਸੀ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ। ਇਨ੍ਹਾਂ ‘ਚੋਂ 265 ਸੀਟਾਂ ‘ਤੇ ਚੋਣਾਂ ਹੋਈਆਂ ਸਨ। ਇਕ ਸੀਟ ‘ਤੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ, ਜਦਕਿ ਇਕ ਸੀਟ ਐਨਏ-88 ਦੇ ਨਤੀਜੇ ਰੱਦ ਕਰ ਦਿੱਤੇ ਗਏ ਹਨ। ਇੱਥੇ 15 ਫਰਵਰੀ ਨੂੰ ਦੁਬਾਰਾ ਵੋਟਿੰਗ ਹੋਵੇਗੀ। ਬਾਕੀ 70 ਸੀਟਾਂ ਰਾਖਵੀਆਂ ਹਨ।












