ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਦੂਜਾ ਮੈਚ ਅੱਜ ਸ਼ਨੀਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਜ਼ (DC) ਦਰਮਿਆਨ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਦੇ ਲਈ ਦੋਵੇਂ ਟੀਮਾਂ ਨੇ ਸਵੇਰੇ ਮੈਦਾਨ ‘ਤੇ ਅਭਿਆਸ ਵੀ ਕੀਤਾ।
ਦੱਸ ਦਈਏ ਕਿ ਮੈਚ ਦੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਸਟੇਡੀਅਮ ‘ਚ ਐਂਟਰੀ ਸ਼ੁਰੂ ਹੋ ਗਈ ਹੈ। ਵੱਡੀ ਗਿਣਤੀ ‘ਚ ਦਰਸ਼ਕ ਆਪਣੀ-ਆਪਣੀ ਟੀਮ ਦਾ ਸਮਰਥਨ ਕਰਨ ਲਈ ਪਹੁੰਚੇ ਹੋਏ ਹਨ। ਨੌਜਵਾਨਾਂ ਦੇ ਗਰੁੱਪ ਨੇ ਮੈਚ ਦੇਖਣ ਆਏ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਵੀ ਕੀਤਾ।
ਚੰਡੀਗੜ੍ਹ ਅਤੇ ਮੋਹਾਲੀ ਪੁਲਿਸ ਨੇ ਮੈਚ ਸਬੰਧੀ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਯੋਜਨਾ ਅਨੁਸਾਰ, ਆਵਾਜਾਈ ਨੂੰ ਓਮੈਕਸ ਸਿਟੀ, ਕੁਰਾਲੀ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਕੁਰਾਲੀ ਵੱਲ ਮੋੜ ਦਿੱਤਾ ਗਿਆ ਹੈ। ਕੁਰਾਲੀ ਤੋਂ ਆਉਣ ਵਾਲੀ ਟਰੈਫ਼ਿਕ ਨੂੰ ਬੂਥਗੜ੍ਹ, ਸਿਸਵਾਂ ਟੀ ਪੁਆਇੰਟ ਅਤੇ ਚੰਡੀਗੜ੍ਹ ਬੈਰੀਅਰ ਰਾਹੀਂ ਚੰਡੀਗੜ੍ਹ ਆਉਣਾ ਪਵੇਗਾ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਕੁਰਾਲੀ ਜਾਣ ਵਾਲੇ ਟਰੈਫਿਕ ਨੂੰ ਚੰਡੀਗੜ੍ਹ ਬੈਰੀਅਰ, ਸਿਸਵਾਂ ਟੀ ਪੁਆਇੰਟ ਅਤੇ ਬੂਥਗੜ੍ਹ ਰਾਹੀਂ ਕੁਰਾਲੀ ਜਾਣਾ ਪਵੇਗਾ।











